ਭੱਠਾ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਨਵਾਂਸ਼ਹਿਰ 22 ਮਈ:- ਅੱਜ ਭੱਠਾ ਵਰਕਰ ਯੂਨੀਅਨ ( ਇਫਟੂ) ਨੇ ਪੰਜਾਬ ਸਰਕਾਰ ਵੱਲੋਂ ਭੱਠਾ ਵਰਕਰਾਂ ਦੀਆਂ ਉਜ਼ਰਤਾਂ ਦੀ ਨਵੀਂ ਲਿਸਟ ਜਾਰੀ ਨਾ ਕਰਨ ਦੇ ਵਿਰੋਧ ਵਿੱਚ ਪਿੰਡ ਸੋਇਤਾ ਦੇ ਭੱਠੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਭੱਠਾ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਵੀਰ ਸਿੰਘ, ਰਾਜੂ, ਵਿਜੈ, ਅੰਕੁਸ਼, ਬਿੰਦਰ, ਸ਼ਿਵ ਕੁਮਾਰ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਭੱਠਾ ਵਰਕਰਾਂ ਦੀ ਉਜਰਤ ਦੀ ਲਿਸਟ ਮਾਰਚ ਮਹੀਨੇ ਵਿੱਚ ਜਾਰੀ ਕਰ ਦਿੰਦੀਆਂ ਸਨ।
 ਜਿਸ ਅਨੁਸਾਰ ਮਾਲਕ ਕਾਮਿਆਂ ਦਾ ਸੀਜ਼ਨ ਦਾ ਹਿਸਾਬ ਕਰ ਦਿੰਦੇ ਸਨ ਪਰ ਮਾਨ ਸਰਕਾਰ ਵੱਲੋਂ ਇਹ ਲਿਸਟ ਜਾਰੀ ਨਾ ਕਰਨ ਕਾਰਨ ਕਾਮਿਆਂ ਦਾ ਹਿਸਾਬ ਨਹੀਂ ਹੋ ਰਿਹਾ। 
ਉਹਨਾਂ ਇਹ ਲਿਸਟ ਬਿਨਾਂ ਦੇਰੀ ਤੋਂ ਜਾਰੀ ਕਰਨ ਦੀ ਮੰਗ ਕੀਤੀ। ਉਹਨਾਂ ਲਾਲ ਝੰਡਾ ਭੱਠਾ ਵਰਕਰ ਯੂਨੀਅਨ ਵੱਲੋਂ ਭੱਠਾ ਵਰਕਰਾਂ ਦੀ ਉਜਰਤ ਵਿੱਚ 15 ਫ਼ੀਸਦੀ ਵਾਧੇ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵੀ ਕੀਤੀ। ਇਸ ਮੌਕੇ ਰਵੀ, ਪਰਵੀਨ, ਸਤਿੰਦਰ, ਓਮ ਪਲ, ਸੁਭਾਸ਼, ਅੰਮ੍ਰਿਤਾ, ਗੋਮੀ, ਰਾਜਕਲੀ, ਰੀਤਾ ਅਤੇ ਹਰਵੀਰੀ ਵੀ ਮੌਜੂਦ ਸਨ।