ਪਿਹੋਵਾ ਤੋਂ ਮਾਸੂਮ ਬੱਚੀ ਨੂੰ ਅਗਵਾ ਕਰਨ ਵਾਲਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਗ੍ਰਿਫ਼ਤਾਰ

ਅੰਬਾਲਾ, 17 ਮਈ:- ਰੇਲਵੇ ਪੁਲੀਸ (ਜੀਆਰਪੀ) ਨੇ ਹੁਸ਼ਿਆਰੀ ਤੋਂ ਕੰਮ ਲੈਂਦਿਆਂ ਪਿਹੋਵਾ ਤੋਂ ਇਕ ਬੱਚੀ ਨੂੰ ਅਗਵਾ ਕਰਕੇ ਬਿਹਾਰ ਲਿਜਾ ਰਹੇ ਅਗਵਾਕਾਰ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ  ਤੇ ਕਾਬੂ ਕਰ ਲਿਆ ਅਤੇ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਪਿਹੋਵਾ ਪੁਲੀਸ ਦੇ ਹਵਾਲੇ ਕਰ ਦਿੱਤਾ। ਅਗਵਾਕਾਰ ਦੀ ਪਛਾਣ ਪੂਰਨੀਆਂ (ਬਿਹਾਰ) ਦੇ ਰਹਿਣ ਵਾਲੇ ਪ੍ਰਕਾਸ਼ ਵਜੋਂ ਹੋਈ ਹੈ ਜੋ ਪਿਹੋਵਾ ਵਿਚ ਇੱਕ ਕਿਸਾਨ ਕੋਲ ਬਤੌਰ ਖੇਤ ਮਜ਼ਦੂਰ ਕੰਮ ਕਰ ਰਿਹਾ ਸੀ ਅਤੇ ਸ਼ਨੀਵਾਰ ਸਵੇਰੇ ਆਪਣੇ ਸਾਥੀ ਮਜ਼ਦੂਰ ਦੀ ਮਾਸੂਮ ਧੀ ਨੂੰ ਅਗਵਾ ਕਰ ਕਰ ਕੇ ਭੱਜ ਆਇਆ ਸੀ। ਇਸ ਸਬੰਧ ਵਿੱਚ ਪੀੜਤਾ ਦੇ ਪਿਤਾ ਨੇ ਪਿਹੋਵਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਜਾਣਕਾਰੀ ਅਨੁਸਾਰ ਕੈਂਟ ਰੇਲਵੇ ਸਟੇਸ਼ਨ ਤੇ ਗਸ਼ਤ ਕਰ ਰਹੇ ਹੋਮ ਗਾਰਡ ਜਵਾਨਾਂ ਨੇ ਇਕ ਲੜਕੀ ਨੂੰ ਰੋਂਦਿਆਂ ਦੇਖਿਆ। ਪੁੱਛ-ਗਿੱਛ ਕਰਨ ਤੇ ਉਹ ਡਰ ਗਈ। ਜਦੋਂ ਲੜਕੀ ਦੇ ਨਾਲ ਆਏ ਵਿਅਕਤੀ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਾਰੀ ਘਟਨਾ ਦਾ ਖ਼ੁਲਾਸਾ ਕਰ ਦਿੱਤਾ। ਪਿਹੋਵਾ ਪੁਲੀਸ ਨੂੰ ਤੁਰੰਤ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਉੱਥੋਂ ਪੁਲੀਸ ਦੀ ਟੀਮ ਕੈਂਟ ਆਈ ਅਤੇ ਦੋਸ਼ੀ ਤੇ ਲੜਕੀ ਨੂੰ ਆਪਣੇ ਨਾਲ ਲੈ ਗਈ। ਲੜਕੀ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ ਅਤੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪਿਹੋਵਾ ਪੁਲੀਸ ਦੋਸ਼ੀ ਕੋਲੋਂ ਹੋਰ ਪੁੱਛ-ਗਿੱਛ ਕਰ ਰਹੀ ਹੈ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਉਸ ਕੋਲੋਂ ਬੱਚੀ ਨੂੰ ਅਗਵਾ ਕਰਨ ਦੀ ਗਲਤੀ ਬਹੁਤ ਜ਼ਿਆਦਾ ਨਸ਼ੇ ਵਿੱਚ ਹੋਣ ਕਰਕੇ ਹੋਈ ਹੈ। ਪਰੰਤੂ ਬੱਚੀ ਦੇ ਪਿਤਾ ਪਵਨ ਨੇ ਦੋਸ਼ੀ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਦੋਸ਼ੀ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ। ਉਸ ਨੂੰ ਕੰਮ ਦੇਣ ਦੇ ਬਹਾਨੇ ਉਹ ਪਿਹੋਵਾ ਲੈ ਗਿਆ ਅਤੇ ਫਿਰ ਜਦੋਂ ਮੌਕਾ ਮਿਲਿਆ ਤਾਂ ਦੋਸ਼ੀ ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ।