ਕੇਜਰੀਵਾਲ ਅਤੇ ਭਗਵੰਤ ਮਾਨ ਪਹੁੰਚੇ ਕੇਂਦਰੀ ਜੇਲ੍ਹ ਅੰਬਾਲਾ
ਅੰਬਾਲਾ, 9 ਜੂਨ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਮੰਗਲਵਾਰ ਨੂੰ ਹੈਲੀਕਾਪਟਰ ਰਾਹੀਂ ਅੰਬਾਲਾ ਪਹੁੰਚੇ ਅਤੇ ਕੇਂਦਰੀ ਜੇਲ੍ਹ ਵਿਚ ਜਾ ਕੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੇਂਦਰੀ ਜੇਲ੍ਹ ਵਿਚ ਬੰਦ 'ਆਪ' ਆਗੂ ਦੀਪਕ ਸਿੰਗਲਾ ਨਾਲ ਮੁਲਾਕਾਤ ਕੀਤੀ।
ਤਿੰਨਾਂ ਆਗੂਆਂ ਦਾ ਹੈਲੀਕਾਪਟਰ ਪੁਲੀਸ ਲਾਈਨ ਗਰਾਊਂਡ ਉੱਤਰਿਆ ਜਿੱਥੇ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਵਾਹਨਾਂ ਦੇ ਕਾਫ਼ਲੇ ਵਿੱਚ ਅੰਬਾਲਾ ਸ਼ਹਿਰ ਦੇ ਰੈਸਟ ਹਾਊਸ ਵੱਲ ਰਵਾਨਾ ਹੋ ਗਏ। ਰੈਸਟ ਹਾਊਸ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਆਗੂ ਸਖ਼ਤ ਸੁਰੱਖਿਆ ਹੇਠ ਅੰਬਾਲਾ ਸੈਂਟਰਲ ਜੇਲ੍ਹ ਲਈ ਰਵਾਨਾ ਹੋ ਗਏ।
ਪਾਰਟੀ ਸੂਤਰਾਂ ਅਨੁਸਾਰ, ਤਿੰਨੋਂ ਸੀਨੀਅਰ ਆਗੂ ਜੇਲ੍ਹ ਵਿੱਚ ਦੀਪਕ ਸਿੰਗਲਾ ਨਾਲ ਮਿਲੇ ਅਤੇ ਉਨ੍ਹਾਂ ਦੀ ਸਿਹਤ ਅਤੇ ਕਾਨੂੰਨੀ ਸਥਿਤੀ ਬਾਰੇ ਪੁੱਛਿਆ। ਦੌਰੇ ਦੌਰਾਨ ਪਾਰਟੀ ਲੀਡਰਸ਼ਿਪ ਨੇ ਸਿੰਗਲਾ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਮਾਮਲੇ 'ਤੇ ਚਰਚਾ ਕੀਤੀ। ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਅਧਿਕਾਰੀ ਅਤੇ ਵਰਕਰ ਵੀ ਮੌਜੂਦ ਸਨ। ਆਗੂਆਂ ਦੀ ਫੇਰੀ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਸੀ ਅਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਦੱਸਿਆ ਗਿਆ ਹੈ ਕਿ ਦੀਪਕ ਸਿੰਗਲਾ ਨੂੰ ਇੱਕ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਅੰਬਾਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਮੀਟਿੰਗ ਤੋਂ ਬਾਅਦ 'ਆਪ' ਆਗੂਆਂ ਵੱਲੋਂ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ।
