ਕਰਨਾਟਕ ਮੰਡੀ ਬੋਰਡ ਦੇ ਡੈਲੀਗੇਟਸ ਨੇ ਪੰਜਾਬ ਰਾਜ ਦੀਆਂ ਮੰਡੀਆਂ ਦਾ ਕੀਤਾ ਦੌਰਾ
ਐਸ.ਏ.ਐਸ. ਨਗਰ (ਮੋਹਾਲੀ), 13 ਨਵੰਬਰ, 2025:- ਕਰਨਾਟਕਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਉੱਚ ਪੱਧਰੀ ਡੈਲੀਗੇਟਸ ਵੱਲੋਂ ਪੰਜਾਬ ਦੀਆਂ ਮੰਡੀਆਂ ਦੇ ਐਮ.ਐਸ.ਪੀ. ਓਪਰੇਸ਼ਨ ਦੇਖਣ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਕੀਤੇ ਗਏ ਨਵੇਂ ਉਪਰਾਲਿਆਂ ਸਬੰਧੀ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਸੂਬੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਆਏ ਹੋਏ ਸਾਰੇ ਡੈਲੀਗੇਟਸ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮਗਰੋਂ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਚਲਦੇ ਐਮ.ਐਸ.ਪੀ. ਓਪਰੇਸ਼ਨ ਅਤੇ ਮੰਡੀਆਂ ਵਿੱਚ ਚਲਦੇ ਨਵੇਂ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।
ਕਰਨਾਟਕਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਡੈਲੀਗੇਟਸ ਦੀ ਅਗਵਾਈ ਕਰ ਰਹੇ ਜਨਰਲ ਮੈਨੇਜਰ ਸ੍ਰੀ ਜੀ.ਕੇ. ਵੈਂਕਟੇਸ਼ ਵੱਲੋਂ ਪੰਜਾਬ ਮੰਡੀ ਬੋਰਡ ਦੇ ਮੰਡੀ ਸਿਸਟਮ ਨੂੰ ਪੂਰੇ ਭਾਰਤ ਦਾ ਸਭ ਤੋਂ ਵਧੀਆ ਮੰਡੀ ਸਿਸਟਮ ਦੱਸਿਆ ਗਿਆ। ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਕੀਤੀਆਂ ਗਈਆਂ ਨਿਵੇਕਲੀਆਂ ਪਹਿਲ ਕਦਮੀਆਂ ਜਿਵੇਂ ਕਿ ਆਫ਼ ਸੀਜਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਖਾਲੀ ਪਏ ਕਵਰ ਸ਼ੈੱਡਾਂ ਨੂੰ ਬੱਚਿਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਲਈ ਮੁਹੱਇਆ ਕਰਵਾਉਣਾ, ਸਮਾਜਿਕ ਸਮਾਗਮਾਂ ਲਈ ਕਵਰ ਸ਼ੈੱਡਾਂ ਨੂੰ ਬਹੁਤ ਘੱਟ ਰੇਟਾਂ ਤੇ ਉਪਲਬਧ ਕਰਵਾਉਣਾ, ਸ਼ਹਿਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਇੱਕ ਲੱਖ ਤੋਂ ਵੱਧ ਬੂਟੇ ਲਗਾਉਣਾ, ਮੰਡੀਆਂ ਵਿੱਚ ਏ.ਟੀ.ਐਮ. ਸਥਾਪਿਤ ਕਰਨਾ, ਮੰਡੀਆਂ ਦੇ ਸ਼ੈੱਡਾਂ ਉੱਤੇ ਸੋਲਰ ਸਿਸਟਮ ਲਗਵਾਉਣਾ, ਵਿਗਿਆਪਨਾ ਲਈ ਮੰਡੀਆਂ ਵਿੱਚ ਯੂਨੀਪੋਲ ਸਥਾਪਤ ਕਰਨਾ, ਮੰਡੀਆਂ ਵਿੱਚ ਸਾਫ਼-ਸਫਾਈ ਨੂੰ ਯਕੀਨੀ ਬਣਾਉਣਾ, ਮੰਡੀਆਂ ਵਿੱਚ ਬੂਮ ਬੈਰੀਅਰ ਸਥਾਪਤ ਕਰਨਾ, ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਇਆਂ ਕਰਵਾਉਣਾ ਅਤੇ ਸੀਜਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ ਗਈ।
ਜਨਰਲ ਮੈਨੇਜਰ ਸ੍ਰੀ ਜੀ.ਕੇ. ਵੈਂਕਟੇਸ਼ ਨੇ ਕਿਹਾ ਕਿ ਸ. ਹਰਚੰਦ ਸਿੰਘ ਬਰਸਟ ਵੱਲੋਂ ਕੀਤਾਂ ਗਈਆਂ ਇਹਨਾਂ ਨਵੇਕਲੀਆਂ ਪਹਿਲ ਕਦਮੀਆਂ ਨੂੰ ਕਰਨਾਟਕਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਵੱਲੋਂ ਵੀ ਸੂਬੇ ਦੀਆਂ ਮੰਡੀਆਂ ਵਿੱਚ ਲਾਗੂ ਕੀਤਾ ਜਾਵੇਗਾ, ਤਾਂ ਜੋ ਉੱਥੇ ਦੇ ਮੰਡੀ ਸਿਸਟਮ ਨੂੰ ਬਿਹਤਰ ਬਣਾਇਆ ਜਾ ਸਕੇ।
