ਕੰਬਾਸ ਪਿੰਡ ਦੀ ਧੀ ਬਣੀ ਫਲਾਇੰਗ ਅਫ਼ਸਰ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ

ਅੰਬਾਲਾ, 31 ਦਸੰਬਰ:- ਅੰਬਾਲਾ ਜ਼ਿਲ੍ਹੇ ਦੇ ਬਰਾੜਾ ਤਹਿਸੀਲ ਦੇ ਪਿੰਡ ਕੰਬਾਸ ਦੀ ਧੀ ਈਸ਼ਾ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਮਿਲਿਆ ਹੈ। ਉਸ ਦੀ ਇਸ ਪ੍ਰਾਪਤੀ ਤੇ ਉਸ ਦੇ ਮਾਪਿਆਂ, ਪਰਿਵਾਰ ਅਤੇ ਪਿੰਡ ਵਾਲੇ ਖ਼ੁਸ਼ੀ ਮਨਾ ਰਹੇ ਹਨ। ਪਿੰਡ ਦੀ ਸਰਪੰਚ ਪੂਜਾ ਅਤੇ ਅਧਿਆਪਕ ਜਸਬੀਰ ਸਿੰਘ ਨੇ ਪਰਿਵਾਰ ਨੂੰ ਮਠਿਆਈਆਂ ਭੇਟ ਕਰਕੇ ਵਧਾਈ ਦਿੱਤੀ।
ਈਸ਼ਾ ਦੇ ਪਰਿਵਾਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਆਲ ਇੰਡੀਆ ਰੈਂਕਿੰਗ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਤਿੰਨ ਭੈਣਾਂ ਅਤੇ ਇੱਕ ਭਰਾ ਵਿੱਚੋਂ ਸਭ ਤੋਂ ਵੱਡੀ ਈਸ਼ਾ ਦੇ ਪਿਤਾ ਸੋਮਨਾਥ ਹਰਿਆਣਾ ਪੁਲੀਸ ਵਿੱਚ ਹਨ ਜਦੋਂ ਕਿ ਉਸ ਦੀ ਮਾਂ ਸੰਗੀਤਾ ਇੱਕ ਘਰੇਲੂ ਔਰਤ ਹੈ। ਈਸ਼ਾ ਦੀ ਛੋਟੀ ਭੈਣ ਐਮਬੀਬੀਐਸ ਕਰ ਰਹੀ ਹੈ। ਈਸ਼ਾ ਦੀ ਪ੍ਰਾਪਤੀ ਨੇ ਪੂਰੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਾਇਆ ਹੈ।
ਸਰਪੰਚ ਪੂਜਾ ਨੇ ਕਿਹਾ ਕਿ ਧੀਆਂ ਸਿੱਖਿਆ ਪ੍ਰਾਪਤ ਕਰਕੇ ਦੇਸ਼ ਅਤੇ ਆਪਣੀ ਮਾਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਈਸ਼ਾ ਨੇ ਦੇਸ਼ ਭਰ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਪੰਚ ਪੂਜਾ ਨੇ ਖ਼ੁਦ ਡਬਲ ਐਮਏ ਦੇ ਨਾਲ-ਨਾਲ ਜੇਬੀਟੀ ਵੀ ਕੀਤੀ ਹੋਈ ਹੈ।ਉਸ ਨੇ ਕਿਹਾ ਕਿ ਸਰਕਾਰ ਧੀਆਂ ਨੂੰ ਸਿੱਖਿਅਤ ਕਰਨ 'ਤੇ ਜ਼ੋਰ ਦੇ ਰਹੀ ਹੈ। 
ਸਮਾਜ ਦੀਆਂ ਹੋਰ ਧੀਆਂ ਨੂੰ ਵੀ ਅਜਿਹੀਆਂ ਹੋਣਹਾਰ ਧੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਚੰਗਾ ਮੁਕਾਮ ਹਾਸਲ ਕਰਨਾ ਚਾਹੀਦਾ ਹੈ। ਪੂਜਾ ਨੇ ਕਿਹਾ ਕਿ ਉਹ ਪਿੰਡ ਦੀਆਂ ਧੀਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਅਤੇ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦੀ ਹੈ।
ਨੇੜਲੇ ਪਿੰਡ ਕੰਬਾਸੀ ਦੇ ਵਸਨੀਕ ਅਤੇ ਬਰਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਰਾਜ ਸ਼ਰਮਾ ਨੇ ਵੀ ਈਸ਼ਾ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਈਸ਼ਾ ਕੱਲ੍ਹ ਆਪਣੀ ਸਿਖਲਾਈ ਲਈ ਹੈਦਰਾਬਾਦ ਰਵਾਨਾ ਹੋ ਗਈ। ਪਿਤਾ ਸੋਮ ਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਜਿਸ ਨੇ ਆਪਣੀ ਮਿਹਨਤ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ।