ਆਸਾ ਵਰਕਰਾਂ ਦੀਆਂ ਕੁਝ ਮੰਗਾਂ ਮੰਨੀਆਂ ਜਾਣ ਕਾਰਨ 8 ਜੂਨ ਦਾ ਧਰਨਾ ਰੱਦ
ਗੜ੍ਹਸ਼ੰਕਰ:- ਆਸਾ ਵਰਕਰ ਯੂਨੀਅਨ ਸੀਟੂ ਵੱਲੋਂ ਪੈਸਿਆਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ 1 ਜੂਨ 2026 ਨੂੰ ਐਸ.ਐਮ.ਓ. ਪੋਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਯੂਨੀਅਨ ਦਾ ਮੁੱਖ ਇਤਰਾਜ਼ ਇਹ ਸੀ ਕਿ ਆਸਾ ਵਰਕਰਾਂ ਦੇ ਖਾਤਿਆਂ ਵਿੱਚ ਭੁਗਤਾਨ ਜਮ੍ਹਾਂ ਕਰਵਾਉਣ ਸਮੇਂ ਇਹ ਸਪੱਸ਼ਟ ਨਹੀਂ ਕੀਤਾ ਜਾਂਦਾ ਸੀ ਕਿ ਰਕਮ ਕਿਸ ਕੰਮ ਦੇ ਬਦਲੇ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਜੋਗਿੰਦਰ ਕੌਰ, ਬਿੰਦਰਪਾਲ ਕੌਰ, ਮੋਨਿਕਾ ਰਾਣੀ, ਬਲਵਿੰਦਰ ਕੌਰ, ਸਤਮੀਤ ਕੌਰ ਅਤੇ ਹੋਰ ਆਸਾ ਵਰਕਰ ਹਾਜ਼ਰ ਸਨ।
ਯੂਨੀਅਨ ਵੱਲੋਂ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਆਸਾ ਵਰਕਰਾਂ ਦਾ ਮਾਰਚ ਅਤੇ ਅਪ੍ਰੈਲ ਮਹੀਨੇ ਦਾ ਇਨਸੈਂਟਿਵ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੀ.ਐਚ.ਓ. ਨਾਲ ਸਬੰਧਤ ਭੁਗਤਾਨਾਂ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਗਿਆ ਹੈ। ਹਾਲਾਂਕਿ ਟੀ.ਬੀ. ਦੇ ਕਲੀਅਰ ਕੇਸਾਂ ਅਤੇ ਟੀ.ਬੀ. ਸਰਵੇ ਨਾਲ ਜੁੜੇ ਭੁਗਤਾਨਾਂ ਦਾ ਮਾਮਲਾ ਅਜੇ ਵੀ ਬਕਾਇਆ ਹੈ।
ਯੂਨੀਅਨ ਅਨੁਸਾਰ ਅਪ੍ਰੈਲ ਅਤੇ ਮਈ ਮਹੀਨੇ ਦੀ ਫਿਕਸ ਰਕਮ ਅਤੇ ਮਈ ਮਹੀਨੇ ਦਾ ਇਨਸੈਂਟਿਵ ਅਜੇ ਬਾਕੀ ਹੈ। ਅਕਾਊਂਟੈਂਟ ਅਜੈ ਕੁਮਾਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਰਕਮ ਸੋਮਵਾਰ ਜਾਂ ਮੰਗਲਵਾਰ ਤੱਕ ਆਸਾ ਵਰਕਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਇਸ ਭਰੋਸੇ ਦੇ ਮੱਦੇਨਜ਼ਰ 8 ਜੂਨ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਕਾਮਰੇਡ ਮਹਿੰਦਰ ਕੁਮਾਰ ਬੱਢੋਆਣ, ਜੋਗਿੰਦਰ ਕੌਰ, ਸੁਰਜੀਤ ਕੌਰ, ਬਬਲੀ, ਪਰਮਜੀਤ, ਕੁਸੱਲਿਆ ਅਤੇ ਮਨਜੀਤ ਕੌਰ ਸਮੇਤ ਹੋਰ ਆਸਾ ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਕੀ ਰਹਿੰਦੇ ਭੁਗਤਾਨਾਂ ਅਤੇ ਹੋਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਅਤੇ ਡਟਵਾਂ ਸੰਘਰਸ਼ ਕੀਤਾ ਜਾਵੇਗਾ।
