ਜੇਸੀਬੀ ਨੇ ਪਰਵਾਸੀ ਮਜ਼ਦੂਰ ਦੇ 6 ਮਹੀਨੇ ਦੇ ਬੱਚੇ ਨੂੰ ਕੁਚਲਿਆ

ਅੰਬਾਲਾ, 8 ਫਰਵਰੀ:- ਅੰਬਾਲਾ ਦੇ ਨਾਲ ਲਗਦੇ ਹੰਡੇਸਰਾ ਥਾਣੇ ਦੇ ਤਹਿਤ ਹਿਮਾਂਯੂਪੁਰ ਪਿੰਡ ਵਿਚ ਐਤਵਾਰ ਦੁਪਹਿਰ 12 ਵਜੇ ਇੱਕ ਨਿਰਮਾਣ ਅਧੀਨ ਫੈਕਟਰੀ ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਇੱਕ ਜੇਸੀਬੀ ਨੇ ਉੱਥੇ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਦੇ ਛੇ ਮਹੀਨੇ ਦੇ ਬੱਚੇ ਨੂੰ ਕੁਚਲ ਦਿੱਤਾ। ਮਾਸੂਮ ਤਨਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਫੈਕਟਰੀ ਮਾਲਕ, ਠੇਕੇਦਾਰ ਅਤੇ ਪਰਿਵਾਰਕ ਮੈਂਬਰ ਬੱਚੇ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਲੈ ਆਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ ਅਤੇ ਪੰਜਾਬ ਪੁਲੀਸ ਦੇ ਪਹੁੰਚਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ ਦੇ ਪਿਤਾ ਹਰਗਿਆਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਹਿਮਾਯੂਪੁਰ ਵਿੱਚ ਇੱਕ ਨਿਰਮਾਣ ਅਧੀਨ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ। ਉਸ ਦੀ ਪਤਨੀ ਅਤੇ ਤਿੰਨ ਬੱਚੇ ਵੀ ਉਸ ਦੇ ਨਾਲ ਰਹਿੰਦੇ ਹਨ। ਅੱਜ ਦੁਪਹਿਰ ਨੂੰ ਕੰਮ ਕਰਦੇ ਸਮੇਂ ਉਸ ਨੇ ਬੱਚੇ ਨੂੰ ਬਜਰੀ ਦੇ ਢੇਰ ਕੋਲ ਲਿਟਾ ਦਿੱਤਾ ਸੀ। ਨੇੜੇ ਹੀ ਦੋ ਹੋਰ ਬੱਚੇ ਖੇਡ ਰਹੇ ਸਨ। ਜੇਸੀਬੀ ਨਾਲ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ। ਜਿਵੇਂ ਹੀ ਜੇਸੀਬੀ ਡਰਾਈਵਰ ਆਪਣਾ ਕੰਮ ਖ਼ਤਮ ਕਰਕੇ ਜਾ ਰਿਹਾ ਸੀ ਤਾਂ ਉਸ ਨੇ ਲਾਪਰਵਾਹੀ ਨਾਲ ਗੱਡੀ ਨੂੰ ਉਲਟਾ ਦਿੱਤਾ ਅਤੇ ਬੱਚੇ ਨੂੰ ਕੁਚਲ ਦਿੱਤਾ। ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ 'ਤੇ ਪਹੁੰਚੀ। ਹਰਗਿਆਨ ਨੇ ਕਿਹਾ ਕਿ ਉਹ ਜੇਸੀਬੀ ਡਰਾਈਵਰ ਨੂੰ ਸੁਚੇਤ ਕਰਨ ਲਈ ਪਿੱਛੇ ਤੋਂ ਚੀਕ ਰਿਹਾ ਸੀ ਪਰ ਕੁਝ ਹੀ ਦੇਰ ਵਿੱਚ ਬੱਚਾ ਕੁਚਲਿਆ ਗਿਆ।
ਹੰਡੇਸਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਮਿਹਰ ਸਿੰਘ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਜੇਕਰ ਪਰਿਵਾਰ ਵੱਲੋਂ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਜੇਸੀਬੀ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।