ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਜਸਵੰਤ ਸਿੰਘ ਕੌਲੀ ਸਨਮਾਨਿਤ
ਪਟਿਆਲਾ, 17 ਅਗਸਤ:- ਵੰਡ ਦੇ ਭਿਆਨਕ ਯਾਦਗਾਰੀ ਦਿਵਸ-2026 ਅਤੇ 80ਵੇਂ ਆਜ਼ਾਦੀ ਦਿਵਸ ਦੇ ਸੰਦਰਭ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਡਾ. ਜਗਦੀਪ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਪ੍ਰਸਤੀ ਅਤੇ ਡਾ. ਨੈਨਾ ਸ਼ਰਮਾ, ਡਾਇਰੈਕਟਰ, ਨਾਰੀ ਅਧਿਐਨ ਕੇਂਦਰ ਦੀ ਅਗਵਾਈ ਹੇਠ 14 ਅਗਸਤ 2026 ਨੂੰ ਸਾਇੰਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੰਡ ਅਤੇ ਪੁਨਰਵਸੇਬੇ ਦੌਰਾਨ ਔਰਤਾਂ ਵੱਲੋਂ ਨਿਭਾਈ ਗਈ ਭੂਮਿਕਾ ਦੇ ਸੰਦਰਭ ਵਿੱਚ ਨੌਂ ਔਰਤਾਂ ਅਤੇ ਚਾਰ ਮਰਦ ਬਿਰਤਾਂਤਕਾਰਾਂ ਦਾ ਸਨਮਾਨ ਕੀਤਾ ਗਿਆ।
ਇਨ੍ਹਾਂ ਬਿਰਤਾਂਤਕਾਰਾਂ ਵਿੱਚ ਉਸ ਪੀੜ੍ਹੀ ਦੀਆਂ ਔਰਤਾਂ ਸ਼ਾਮਿਲ ਸਨ, ਜਿਨ੍ਹਾਂ ਨੇ ਵੰਡ ਦੇ ਦੁੱਖ-ਦਰਦ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਅਤੇ ਉਨ੍ਹਾਂ ਦੇ ਬੱਚੇ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਉਸ ਸਮੇਂ ਦੀਆਂ ਮੁਸ਼ਕਲਾਂ ਨਾਲ ਜੂਝਦਿਆਂ ਵੇਖਿਆ ਅਤੇ ਉਨ੍ਹਾਂ ਤੋਂ ਉਸ ਦੌਰ ਦੀਆਂ ਯਾਦਾਂ ਸ਼ੁਰੂ ਤੋਂ ਸੁਣੀਆਂ। ਇਸ ਮੌਕੇ ਬੀਬੀ ਕਰਤਾਰ ਕੌਰ, ਬੀਬੀ ਬਲਬੀਰ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਹਰਬੰਸ ਕੌਰ, ਬੀਬੀ ਰਾਮ ਕੌਰ, ਬੀਬੀ ਬਸੰਤ ਕੌਰ ਅਤੇ ਬੀਬੀ ਸਰੋਜ ਵਾਲਾ ਸ਼ਾਮਿਲ ਹੋਈਆਂ। ਇਸ ਤੋਂ ਇਲਾਵਾ ਸਰਦਾਰ ਵਰਿੰਦਰ ਸਿੰਘ, ਸਰਦਾਰ ਜਸਵੰਤ ਸਿੰਘ, ਸਰਦਾਰ ਮਿੱਠਾ ਸਿੰਘ ਅਤੇ ਸ਼੍ਰੀ ਸ਼ਿਵ ਕੁਮਾਰ ਚੋਪੜਾ ਦਾ ਵੀ ਕੇਂਦਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕੇਂਦਰ ਵੱਲੋਂ ਜਰਨਲਿਜ਼ਮ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਡਾਕੂਮੈਂਟਰੀ ‘ਵੰਡ ਤੋਂ ਵਜੂਦ ਤੱਕ’ ਵੀ ਪ੍ਰਦਰਸ਼ਿਤ ਕੀਤੀ ਗਈ।
ਸਰਦਾਰ ਜਸਵੰਤ ਸਿੰਘ ਕੌਲੀ ਵੱਲੋਂ ਸਾਲ 2012 ਵਿੱਚ ਕੇਂਦਰ ਦੇ ਮਾਈਨਰ ਪ੍ਰੋਜੈਕਟ ‘ਔਰਤਾਂ ਅਤੇ ਬਟਵਾਰਾ’ ਅਤੇ ਮੇਜਰ ਪ੍ਰੋਜੈਕਟ ‘ਸੰਨ ਸੰਤਾਲੀ ਦਾ ਬਟਵਾਰਾ: ਔਰਤਾਂ ਦੀ ਗਾਥਾ ਉਹਨਾਂ ਦੀ ਜ਼ੁਬਾਨੀ’ ਦੇ ਸ਼ੁਰੂ ਤੋਂ ਲੈ ਕੇ ਸੰਪੰਨ ਹੋਣ ਤੱਕ ਪਾਏ ਗਏ ਯੋਗਦਾਨ ਲਈ ਨਾਰੀ ਅਧਿਐਨ ਕੇਂਦਰ ਵੱਲੋਂ ਉਨ੍ਹਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਅਮਨਦੀਪ ਕੌਰ, ਫੀਲਡ ਇਨਵੈਸਟੀਗੇਟਰ, ਨਾਰੀ ਅਧਿਐਨ ਕੇਂਦਰ ਵੱਲੋਂ ਪ੍ਰੋਜੈਕਟ ਸਬੰਧੀ ਜਾਣਕਾਰੀ ਅਤੇ ਖੋਜ ਦੇ ਨਤੀਜੇ ਦਰਸ਼ਕਾਂ ਨਾਲ ਸਾਂਝੇ ਕੀਤੇ ਗਏ। ਡਾ. ਰਾਜੇਸ਼ ਗਿੱਲ, ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ‘ਔਰਤਾਂ ਅਤੇ ਸੁਤੰਤਰ ਭਾਰਤ ਦਾ ਨਿਰਮਾਣ: ਆਜ਼ਾਦੀ, ਬਟਵਾਰਾ ਅਤੇ ਪੁਨਰਵਸੇਬਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ।
ਡਾ. ਸੁਖਜੀਤ ਕੌਰ, ਸਾਬਕਾ ਮੁਖੀ, ਬਾਇਓਟੈਕਨੋਲੋਜੀ, ਐਸ.ਯੂ.ਐਸ.ਈ.ਟੀ., ਤੰਗੋਰੀ, ਮੋਹਾਲੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਟੇਜ ਦੀ ਭੂਮਿਕਾ ਡਾ. ਸੁਖਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਨਾਰੀ ਅਧਿਐਨ ਕੇਂਦਰ ਵੱਲੋਂ ਨਿਭਾਈ ਗਈ।
