ਪੰਜਾਬ ਸਰਕਾਰ ਦੀ ਏਡਡ ਸਕੂਲ ਮਾਰੂ ਨੀਤੀਆਂ ਵਿਰੁੱਧ ਕੀਤਾ ਜਾਵੇਗਾ ਜੇਲ੍ਹ ਭਰੋ ਅੰਦੋਲਨ

ਪਟਿਆਲਾ:- ਪਟਿਆਲਾ ਜ਼ਿਲ੍ਹੇ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਇੱਕ ਜ਼ਰੂਰੀ ਮੀਟਿੰਗ ਮਿਉਂਸੀਪਲ ਪਾਰਕ, ਆਰੀਆ ਸਮਾਜ, ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਮੌਜੂਦ ਸਮੂਹ ਕਰਮਚਾਰੀਆਂ ਨੇ ਇੱਕ ਸੁਰ ਨਾਲ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਏਡਡ ਸਕੂਲ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪਟਿਆਲੇ ਜ਼ਿਲ੍ਹੇ ਦੇ ਸਾਰੇ ਏਡਿਡ ਸਕੂਲ ਕਰਮਚਾਰੀ, ਸੂਬੇ ਦੇ ਸਮੂਹ ਏਡਡ ਸਕੂਲਾਂ ਦੇ ਅਧਿਆਪਕਾਂ, ਹੋਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਨਾਲ ਰਲ਼ ਕੇ 7 ਨਵੰਬਰ ਨੂੰ ਤਰਨ ਤਾਰਨ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਗਿਰਫ਼ਤਾਰੀਆਂ ਦੇਣਗੇ।
 ਕਿਉਂਕਿ ਤਰਨਤਾਰਨ ਸਾਹਿਬ ਵਿਖੇ ਕੱਲ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ, ਪੰਜਾਬ ਏਡਿਡ ਸਕੂਲ ਪੈਨਸ਼ਨਰ ਐਸੋਸੀਏਸ਼ਨ ਅਤੇ ਏਡਡ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਤਰਨਤਾਰਨ ਵਿਖੇ ਕੀਤੀ ਗਈ ਸੀ। 
ਇਸ ਹੰਗਾਮੀ ਮੀਟਿੰਗ ਵਿੱਚ ਤਿੰਨੋ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਸੀ ਕਿ ਅਗਰ ਪੰਜਾਬ ਸਰਕਾਰ ਵੱਲੋਂ 6 ਨਵੰਬਰ ਤੱਕ ਪੰਜਾਬ ਦੇ ਸਮੁੱਚੇ ਏਡਡ ਸਕੂਲਾਂ ਦੀ ਅਪ੍ਰੈਲ ਤੋਂ ਦਸੰਬਰ 2025 ਤੱਕ ਦੀ ਤਨਖਾਹ ਗਰਾਂਟ ਜਾਰੀ ਨਾ ਕੀਤੀ, ਤਾਂ 7 ਨਵੰਬਰ ਨੂੰ ਤਿੰਨੋ ਜਥੇਬੰਦੀਆਂ ਤਰਨਤਰਨ ਸਾਹਿਬ ਦੇ ਬਾਜ਼ਾਰਾਂ ਵਿੱਚ ਭਾਰੀ ਰੋਸ ਮੁਜ਼ਾਹਰੇ ਕਰਨ ਤੋਂ ਬਾਅਦ ਡੀ ਸੀ ਦਫਤਰ ਤਰਨਤਾਰਨ ਵਿਖੇ ਆਪਣੀਆਂ 1700 ਵਰਕਿੰਗ ਅਤੇ 6000 ਸੇਵਾ ਮੁਕਤ ਅਧਿਆਪਕ ਤੇ ਹੋਰ ਕਰਮਚਾਰੀ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਤੇ ਜੇਲ ਭਰੋ ਅੰਦੋਲਨ ਦਾ ਆਗਾਜ਼ ਕਰ ਦੇਣਗੇ। 
ਇਸ ਦੇ ਨਾਲ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਅਗਰ ਸਰਕਾਰ ਗ੍ਰਿਫਤਾਰੀਆਂ ਨਹੀਂ ਕਰਦੀ ਤਾਂ 8 ਅਤੇ 9 ਨਵੰਬਰ ਨੂੰ ਤਰਨਤਰਨ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਭਾਰੀ ਰੋਸ ਮੁਜਾਹਰੇ ਕਰਕੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਇੱਕ ਲੱਖ 76 ਹਜ਼ਾਰ ਬੱਚਿਆਂ ਨੂੰ ਪੜਾਉਣ ਵਾਲੇ ਏਡਡ ਸਕੂਲਾਂ ਦੇ ਅਧਿਆਪਕ ਪਿਛਲੇ ਅੱਠ ਮਹੀਨਿਆਂ ਤੋਂ ਬਿਨਾਂ ਤਨਖਾਹਾਂ ਤੋਂ ਗੁਜ਼ਾਰਾ ਕਰ ਰਹੇ ਹਨ।
 ਇਹਨਾਂ ਰੋਸ ਮੁਜਾਹਰਿਆਂ ਦੌਰਾਨ ਸਰਕਾਰ ਦੀ ਤਾਨਾਸ਼ਾਹੀ ਅਤੇ ਅਫਸਰਸ਼ਾਹੀ ਦੇ ਨਕਰਾਤਮਕ ਵਤੀਰੇ ਅਤੇ ਪੰਜਾਬ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦੇ ਪਾਜ ਉਧੇੜੇ ਜਾਣਗੇ। ਜੇਕਰ ਫੇਰ ਵੀ ਸਰਕਾਰ ਨੇ ਏਡਡ ਸਕੂਲਾਂ ਦੀਆਂ ਮੈਨੇਜਮੈਂਟਾਂ ਦੇ ਆਡਿਟ ਕਰਨ ਵਾਲੇ ਪੱਤਰ ਵਾਪਸ ਲੈ ਕੇ ਗਰਾਂਟਾਂ ਜਾਰੀ ਨਹੀਂ ਕੀਤੀਆਂ ਤਾਂ ਪੰਜਾਬ ਦੇ ਏਡਡ ਸਕੂਲਾਂ ਦੇ ਸਮੁੱਚੇ ਕੋਰਸਪੋਂਡੈਟ ਸਰਕਾਰ ਨੂੰ ਆਪਣੇ ਅਸਤੀਫੇ ਸੌਂਪ ਦੇਣਗੇ।  
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੇਵਾ ਸਿੰਘ ਚਾਵਲਾ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੀ ਸਰਕਾਰ ਵੱਲੋਂ 95 ਫੀਸਦੀ ਤਨਖਾਹ ਗਰਾਂਟ ਦੇਣ ਲਈ ਮੈਨੇਜਮੈਂਟਾਂ ਦੀ ਆਮਦਨ ਦੇ ਆੱਡਿਟ ਕਰਨ ਦੇ ਨਾਂ ਤੇ ਅੱਠ-ਅੱਠ ਮਹੀਨਿਆਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਹੋਣ। 
ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਖੋਖਲੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਰਾਜ ਵਿੱਚ ਏਡਿਡ ਸਕੂਲ ਬੰਦ ਹੋਣ ਕਿਨਾਰੇ ਪੁੱਜ ਗਏ ਹਨ। 
ਇਹਨਾਂ ਸਕੂਲ਼ਾਂ ਦੇ ਅਧਿਆਪਕ ਕਈ ਕਈ ਮਹੀਨਿਆਂ ਤੋਂ ਫਾਕਾਕਟੀ ਕਰ ਰਹੇ ਹਨ। ਪਰ ਸੰਬੰਧਤ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਵਾਰ ਵਾਰ ਮਿਲਣ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਦੇ ਬਾਵਜੂਦ ਕੋਈ ਵੀ ਸੁਖਾਵਾਂ ਹੱਲ ਨਹੀਂ ਨਿਕਲਿਆ ਅਤੇ ਸਾਰੇ ਵਰਕਿੰਗ ਏਡਿਡ ਸਟਾਫ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਭੁੱਖੇ ਮਰਨ ਤੱਕ ਦੀ ਨੌਬਤ ਆ ਗਈ ਹੈ।  
ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪੌਣੇ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਵਿੱਚ ਗਿਆਨ ਦਾ ਪ੍ਰਕਾਸ਼ ਵੰਡਣ ਵਾਲੇ ਏਡਿਡ ਸਕੂਲ ਅਧਿਆਪਕਾਂ ਦੇ ਆਪਣੇ ਖ਼ੁਦ ਦੇ ਘਰਾਂ ਦੇ ਦੀਵੇ ਬੁਝਣ ਦੇ ਕਗਾਰ ਤੇ ਹਨ। ਇਹਨਾਂ ਹਾਲਾਤਾਂ ਤੋਂ ਮਜ਼ਬੂਰ ਹੋ ਕੇ ਹੀ ਏਡਿਡ ਸਕੂਲ ਯੂਨੀਅਨ ਨੇ 7 ਨਵੰਬਰ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਖੁੱਲ੍ਹਾ ਐਲਾਨ ਕਰ ਦਿੱਤਾ ਹੈ।