ਸਿੱਖ ਫਲਸਫ਼ੇ ਦਾ ਪਹਿਰੇਦਾਰ ਹੈ ਇਕਬਾਲ ਸਿੰਘ

ਮਾਹਿਲਪੁਰ- ਦੁਨੀਆਂ ਦਾ ਆਧੁਨਿਕ ਅਤੇ ਵਿਗਿਆਨਿਕ ਧਰਮ ਹੈ ਸਿੱਖ ਧਰਮ ਜਿਸ ਵਿੱਚ ਜਾਤਾਂ ਪਾਤਾਂ ਅਤੇ ਮਜ‌੍ਹਬਾਂ ਦੇ ਝਗੜਿਆਂ ਨੂੰ ਖਤਮ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਸਭ ਜਾਤਾਂ ਅਤੇ ਧਰਮਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ ਇਹ ਉਪਦੇਸ਼ ਚਹੁੰ ਵਰਨਾ ਕੋ ਸਾਂਝਾ ਬਣਾਇਆ ਗਿਆ ਹੈ। ਅਸੀਂ ਸਭ ਜਾਣਦੇ ਹਾਂ ਕਿ ਸਿੱਖੀ ਸਰੂਪ ਵਿੱਚ ਦੁਨੀਆਂ ਵਿੱਚ ਵਿਚਰਦੇ ਪੰਜਾਬੀ ਹਰ ਆਫਤ ਮੌਕੇ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਹਨ। ਆਪਣੀ ਹੱਡ ਭੰਨਵੀ ਮਿਹਨਤ ਨਾਲ ਸਭ ਖੇਤਰਾਂ ਵਿੱਚ ਆਪਣਾ ਪਰਚਮ ਬੁਲੰਦ ਕਰ ਰਹੇ ਹਨ।
 ਇਸੇ ਤਰ੍ਹਾਂ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਸਿੱਖਾਂ ਦਾ ਸਭ ਤੋਂ ਵੱਧ ਯੋਗਦਾਨ ਹੈ। ਪੰਜਾਬੀ ਜਿਸ ਦੇਸ਼ ਵਿੱਚ ਵੀ ਗਏ ਉਨ੍ਹਾਂ ਉੱਥੇ ਆਪਣੀ ਵਿਲੱਖਣ ਹੋਂਦ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਮਾਨਵੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਵੀ ਕੀਤੀ। ਇਸੇ ਤਰ੍ਹਾਂ ਸਿੱਖ ਫਲਸਫੇ ਦੇ ਪਹਿਰੇਦਾਰ ਬਣੇ ਹੋਏ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕਬਾਲ ਸਿੰਘ। ਆਪਨੇ ਆਪਣੇ ਜੀਵਨ ਨੂੰ ਸਿੱਖੀ ਅਨੁਸਾਰ ਢਾਲ਼ ਕੇ ਜਿਉਣ ਦਾ ਸਲੀਕਾ ਸਿੱਖਿਆ ਹੈ। 
ਉਹਨਾਂ ਸਿਰਫ ਇਹ ਸਲੀਕਾ ਸਿੱਖਿਆ ਹੀ ਨਹੀਂ ਸਗੋਂ ਆਲੇ ਦੁਆਲੇ ਨੂੰ ਵੀ ਇਸ ਸਿੱਖੀ ਸਰੂਪ ਨਾਲ ਜੋੜਨ ਅਤੇ ਰਹਿਤ ਮਰਿਆਦਾ ਵਿੱਚ ਰਹਿਣ ਦਾ ਕਾਰਜ ਕੀਤਾ ਹੈ। ਕੈਲੀਫੋਰਨੀਆ ਦੇ ਗੁਰਦੁਆਰੇ ਪੁਆਇੰਟ ਵਿੱਚ ਹੈਡ ਗ੍ਰੰਥੀ ਵਜੋਂ ਅਤੇ ਵੱਖ-ਵੱਖ ਗੁਰੂ ਘਰਾਂ ਵਿੱਚ ਪ੍ਰਚਾਰਕ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ ਹਨ। ਜਿੱਥੇ ਉਹ ਸੱਚੇ ਸੁੱਚੇ ਸਿੱਖ ਬਣ ਕੇ ਇਸ ਸਮਾਜ ਨੂੰ ਨਵੀਆਂ ਲੀਹਾਂ ਪ੍ਰਦਾਨ ਕਰਦੇ ਹਨ ਉੱਥੇ ਉਹ ਆਪਣੀ ਕਲਮ ਨੂੰ ਵੀ ਨਸ਼ਤਰ ਵਾਂਗ ਚਲਾਉਂਦੇ ਹਨ ਤਾਂ ਕਿ ਸਮਾਜ ਵਿੱਚੋਂ ਕੁਰੀਤੀਆਂ ਖਤਮ ਕੀਤੀਆਂ ਜਾ ਸਕਣ। ਆਪ ਦੀ ਹਰ ਰਚਨਾ ਵਿੱਚ ਇੱਕ ਵੰਗਾਰ ਹੁੰਦੀ ਹੈ। ਇੱਕ ਸੰਦੇਸ਼ ਹੁੰਦਾ ਹੈ ਅਤੇ ਇੱਕ ਸੱਚ ਦਾ ਨਿਸ਼ਾਨਾ ਹੁੰਦਾ ਹੈ। 
      ਸਰਦਾਰ ਇਕਬਾਲ ਸਿੰਘ ਨੇ ਆਪਣੇ ਜੀਵਨ ਦਾ ਸੰਘਰਸ਼ ਆਪਣੇ ਜੱਦੀ ਪਿੰਡ ਰੂਪੋਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ। ਗੜ੍ਹਦੀਵਾਲੇ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਉੱਚੇ ਲੰਮੇ ਸਡੌਲ ਗੱਭਰੂ ਹੋਣ ਕਰਕੇ ਫੌਜ ਵਿੱਚ ਭਰਤੀ ਹੋ ਗਏ। 15 ਸਾਲ ਫੌਜ ਵਿੱਚ ਨੌਕਰੀ ਕਰਨ ਉਪਰੰਤ ਆਪਣਾ ਰੈਣ ਬਸੇਰਾ ਹੁਸ਼ਿਆਰਪੁਰ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਕਰ ਲਿਆ। 
ਬੇਟੀਆਂ ਚਰਨਜੀਤ ਕੌਰ ਸੁਪਤਨੀ ਜੋਗਿੰਦਰ ਸਿੰਘ ਅਤੇ ਨੀਲਮ ਸਿੰਘ ਸੁਪਤਨੀ ਅਮਨਦੀਪ ਸਿੰਘ ਅਮਰੀਕਾ ਵਾਸਦੇ ਹੋਣ ਕਰਕੇ ਉਹਨਾਂ ਕੋਲ ਆਪਣੇ ਜੀਵਨ ਸਾਥਣ ਦਵਿੰਦਰ ਕੌਰ ਨਾਲ ਜਾ ਵਸੇ। ਬੇਟੀਆਂ ਦੇ ਪਿਆਰ ਮੁਹੱਬਤ ਨੇ ਉਹਨਾਂ ਨੂੰ ਹੋਰ ਬੁਲੰਦੀਆਂ ਬਖ਼ਸ਼ੀਆਂ। ਲੜਕਿਆਂ ਵਾਂਗ ਪਾਲ਼ੀਆਂ ਇਹ ਦੋਨੋਂ ਧੀਆਂ ਅਤੇ ਜਵਾਈ ਅੱਜ ਅਮਰੀਕਾ ਦੀ ਧਰਤੀ ਤੇ ਆਪਣੀਆਂ ਸ਼ਾਨਦਾਰ ਪੈੜਾਂ ਪਾ ਰਹੇ ਹਨ।
 ਜਿਵੇਂ ਉਹਨਾਂ ਦੇ ਮਾਂ ਬਾਪ ਨੇ ਭਾਰਤ ਅਤੇ ਅਮਰੀਕਾ ਵਿੱਚ ਪਾਈਆਂ ਸਨ। ਲੋੜਵੰਦਾਂ ਦੀ ਮਦਦ ਕਰਨੀ ਅਤੇ ਹਰ ਕਿਸੇ ਦੇ ਕਾਰਜ ਨੂੰ ਸੰਵਾਰਨਾ ਉਹਨਾਂ ਦਾ ਉਦੇਸ਼ ਬਣ ਚੁੱਕਾ ਹੈ। ਉਹ ਸਿਰਫ ਮਾਂ ਬਾਪ ਲਈ ਹੀ ਧਿਰਾਂ ਬਣ ਕੇ ਨਹੀਂ ਖੜੀਆਂ ਸਗੋਂ ਸਮਾਜ ਦੀ ਬੇਹਤਰੀ ਲਈ ਵੀ ਕਾਰਜਸ਼ੀਲ ਹਨ। ਮੁਹੱਬਤਾਂ ਦਾ ਛੱਟਾ ਦੇਣ ਵਾਲਾ ਇਹ ਪਰਿਵਾਰ ਹਰ ਕਿਸੇ ਦਾ ਆਦਰ ਮਾਣ ਕਰਨ ਵਿੱਚ ਹੀ ਆਪਣੀ ਪ੍ਰਾਪਤੀ ਸਮਝਦਾ ਹੈ।
      ਆਪਣੀ ਕਲਮ ਨੂੰ ਨਸ਼ਤਰ ਵਾਂਗ ਚਲਾਉਂਦੇ ਹੋਏ ਇਕਬਾਲ ਸਿੰਘ ਧਰਮ ਦੇ ਠੇਕੇਦਾਰਾਂ ਨੂੰ ਵੰਗਾਰਦੇ ਹਨ। ਉਹਨਾਂ ਨੂੰ ਆਪਣੀਆਂ ਨੀਤੀਆਂ ਨੂੰ ਸਾਫ਼ ਤੇ ਸਪੱਸ਼ਟ ਕਰਨ ਲਈ ਆਖਦੇ ਹਨ। ਅਸਲ ਵਿੱਚ ਸਿੱਖ ਫਿਲਾਸਫੀ ਮਨੁੱਖਤਾ ਦਾ ਪਾਠ ਸਿਖਾਉਂਦੀ ਹੈ ਤੇ ਜਿਨ੍ਹਾਂ ਵਿੱਚੋਂ ਮਨੁੱਖੀ ਕਦਰਾਂ ਕੀਮਤਾਂ ਖਤਮ ਹੋ ਗਈਆਂ ਹਨ ਉਹਨਾਂ ਵਾਸਤੇ ਉਹ ਦਿਨ ਰਾਤ ਸਰਗਰਮ ਹਨ। ਇਮਾਨਦਾਰੀ ਦੀ ਕਿਰਤ ਕਰਨੀ, ਹੱਕ ਸੱਚ ਤੇ ਇਨਸਾਫ਼ ਲਈ ਲੜਨਾ ਤੇ ਖੜਨਾ ਉਹਨਾਂ ਦੇ ਜੀਵਨ ਦਾ ਟੀਚਾ ਬਣ ਚੁੱਕਾ ਹੈ। 
ਆਪਣੇ ਕੀਮਤੀ ਵਿਚਾਰਾਂ ਨਾਲ ਉਹ ਸੰਗਤ ਨੂੰ ਸਰਸ਼ਾਰ ਕਰਦੇ ਹੋਏ ਸਿੱਖ ਰਹਿਤ ਮਰਿਆਦਾ ਵਿੱਚ ਰਹਿਣ ਦੀ ਸਲਾਹ ਤਾਂ ਦਿੰਦੇ ਹੀ ਹਨ ਸਗੋਂ ਨਾਲ ਨਾਲ ਜੀਵਨ ਨੂੰ ਸੁਚੱਜਾ ਬਣਾਉਣ ਲਈ ਕਿਰਤੀ ਬਣਨ ਫ਼ਲਸਫ਼ਾ ਵੀ ਸਮਝਾਉਂਦੇ ਹਨ। ਸਧਾਰਨ ਰਹਿੰਦੇ ਹੋਏ ਉੱਚੇ ਵਿਚਾਰਾਂ ਦੇ ਧਾਰਨੀ ਬਣ ਕੇ ਹੀ ਇਸ ਸਮਾਜ ਨੂੰ ਕੋਈ ਸੇਧ ਦਿੱਤੀ ਜਾ ਸਕਦੀ ਹੈ। ਆਪ ਦਾ ਕਹਿਣਾ ਹੈ ਕਿ ਭੇਖੀਆਂ ਨੇ ਸਾਨੂੰ ਕੁਰਾਹੇ ਪਾਇਆ ਹੋਇਆ ਹੈ ਜਦਕਿ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ। ਸੱਚੀ ਸੁੱਚੀ ਕਿਰਤ ਕਰਨ ਵਾਲਾ ਹਰ ਕਿਸੇ ਦਾ ਹਮਦਰਦ ਹੁੰਦਾ ਹੈ। 
       ਮਾਨਵੀ ਗੁਣਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਜੁਟੀ ਇਸ ਸ਼ਖਸ਼ੀਅਤ ਨੇ ਅਨੇਕਾਂ ਮਾਣ ਸਨਮਾਨ ਵੀ ਪ੍ਰਾਪਤ ਕੀਤੇ ਹਨ। ਸਰਬੱਤ ਦਾ ਭਲਾ ਕਰਨ ਵਾਲੇ ਇਸ ਸ਼ਖ਼ਸ ਨੇ ਜੀਵਨ ਵਿੱਚ ਅਨੇਕਾਂ ਪ੍ਰਕਾਰ ਦੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਵੀ ਕੀਤਾ। ਮੰਨੂਵਾਦੀਆਂ ਨਾਲ ਆਢਾ ਵੀ ਲਾਇਆ। ਗੁਰੂ ਸਾਹਿਬਾਨ ਵੱਲੋਂ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਹਰ ਮੈਦਾਨ ਚ ਫਤਿਹ ਪਾਈ ਹੈ। 
ਆਪ ਦਾ ਕਹਿਣਾ ਹੈ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਂਦੇ ਹਨ ਅਤੇ ਗੁਰੂ ਦੇ ਕਹਿਣੇ ਵਿੱਚ ਰਹਿੰਦੇ ਹਨ ਉਹ ਹਰ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹਨ। ਇਸ ਲਈ ਸਾਨੂੰ ਆਪਣੇ ਅੰਦਰੋਂ ਮਨੁੱਖੀ ਕਦਰਾਂ ਕੀਮਤਾਂ ਨੂੰ ਕਦੀ ਵੀ ਗਵਾਉਣਾ ਨਹੀਂ ਚਾਹੀਦਾ। ਇਹ ਸਮਾਜ ਸੋਹਣਾ ਤੇ ਸੁਚੱਜਾ ਤਦ ਹੀ ਬਣ ਸਕਦਾ ਹੈ ਜੇਕਰ ਸਾਡੇ ਅੰਦਰ ਇਨਸਾਨੀਅਤ ਹੋਵੇ। ਉਹਨਾਂ ਵੱਲੋਂ ਸਿਰਜੀ ਪਹਿਲੀ ਪੁਸਤਕ 'ਪਿਆਰ ਦੀ ਸਾਂਝ' ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਦੂਸਰੀ ਪੁਸਤਕ 'ਪਹਿਲੀ ਪਰਵਾਜ਼' ਪਾਠਕਾਂ ਦੇ ਮਨ ਮਸਤਕ ਦੇ ਬੰਧ ਬੂਹੇ ਬਾਰੀਆਂ ਖੋਲ੍ਹਣ ਵਾਲੀ ਹੈ।
        ਪੁਸਤਕ ਪਹਿਲੀ ਪਰਵਾਜ਼
        ਅਜੋਕੇ ਸਮਾਜ ਦੇ ਮਨੁੱਖ ਵਿੱਚੋਂ ਸਹਿਜ ਅਵਸਥਾ ਖਤਮ ਹੋ ਗਈ ਹੈ। ਜੀਵਨ ਦਾ ਮਨੋਰਥ ਸਿਰਫ਼ ਤੇ ਸਿਰਫ਼ ਪੈਸਾ ਹੀ ਬਣ ਚੁੱਕਾ ਹੈ। ਦੇਸ਼ ਕੌਮ ਵਿੱਚੋਂ ਉਚੇਰੀਆਂ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਚੁੱਕਾ ਹੈ। ਪੁਸਤਕ 'ਪਹਿਲੀ ਪਰਵਾਜ਼' ਦਾ ਉਦੇਸ਼ ਹਰ ਪੱਖੋਂ ਖੁਰ ਰਹੇ ਸਮਾਜ ਨੂੰ ਬਚਾਉਣਾ ਹੈ। ਪੁਸਤਕ ਵਿੱਚ ਸ਼ਾਮਿਲ ਕਵਿਤਾਵਾਂ ਪਾਠਕਾਂ ਨੂੰ ਪਰਉਪਕਾਰੀ ਕਾਰਜਾਂ ਵਿੱਚ ਜੁਟਣ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨ ਦਾ ਸੰਦੇਸ਼ ਦਿੰਦੀਆਂ ਹਨ। ਸ. ਇਕਬਾਲ ਸਿੰਘ ਆਪਣੇ ਜੀਵਨ ਦੇ ਨੌਵੇਂ ਦਹਾਕੇ ਵਿੱਚ ਪੁੱਜ ਕੇ ਵੀ ਨਿਰਸਵਾਰਥੀ ਕਾਰਜਾਂ ਨਾਲ ਇਨਸਾਨੀ ਕਦਰਾਂ ਕੀਮਤਾਂ ਬਚਾਉਣ ਦੇ ਆਹਰ ਵਿੱਚ ਲੱਗੇ ਹੋਏ ਹਨ। 
ਉਹਨਾਂ ਦਾ ਮਨੋਰਥ ਇਸ ਜੀਵਨ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਨੁਸਾਰ ਢਾਲਣਾ ਹੈ। ਜਿਸ ਦੀ ਪੂਰਤੀ ਵਾਸਤੇ ਉਹ ਸਮਾਜ ਦੇ ਹਰ ਵਰਗ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕਰਦੇ ਹਨ। ਪੁਸਤਕ 'ਪਹਿਲੀ ਪਰਵਾਜ਼' ਨੂੰ ਪੜ੍ਹਕੇ ਜੀਵਨ ਦੇ ਸਾਰੇ ਰਸ ਰੰਗ ਮਾਣੇ ਜਾ ਸਕਦੇ ਹਨ। ਆਪ ਨੇ ਬੜੀ ਜੁਰਅਤ ਨਾਲ ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂਆਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਹੈ। ਆਪਣੇ ਕਿਰਦਾਰ ਨੂੰ ਉੱਚਾ ਤੇ ਸੁੱਚਾ ਰੱਖਦਿਆਂ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦਾ ਸਫ਼ਰ ਵੀ ਸਮਝਾਇਆ ਹੈ। 
       ਹਕੂਮਤਾਂ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਮਤਰੇਈ ਮਾਂ ਦੇ ਸਲੂਕ ਕਾਰਨ ਉਹਨਾਂ ਦਾ ਮਨ ਕੁਰਲਾ ਉੱਠਿਆ ਤੇ ਉਹ ਕਾਵਿ ਸਿਰਜਣਾ ਵਿੱਚ ਜੁਟ ਗਏ। ਆਪ ਨੇ ਉਰਦੂ ਸ਼ਬਦਾਂ ਦੇ ਪ੍ਰਯੋਗ ਨਾਲ ਆਪਣੀ ਕਵਿਤਾ ਨੂੰ ਹੋਰ ਵੀ ਰਸੀਲੀ ਅਤੇ ਅਣਖੀਲੀ ਬਣਾਇਆ ਹੈ। ਇਸੇ ਕਰਕੇ ਇਹਨਾਂ ਕਵਿਤਾਵਾਂ ਦੇ ਰੰਗ ਨਿਰਾਲੇ ਅਤੇ ਰਸਾਂ ਨਾਲ ਭਰੇ ਪਿਆਲੇ ਵਰਗੇ ਲਗਦੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੁਲੰਦੀ ਵਾਸਤੇ ਉਹਨਾਂ ਆਪਣੀ ਕਲਮ ਨੂੰ ਨਸ਼ਤਰ ਵਾਂਗ ਚਲਾਇਆ ਹੈ। ਪੁਸਤਕ 'ਪਹਿਲੀ ਪਰਵਾਜ਼' ਸਾਨੂੰ ਉੱਚੇ ਕਿਰਦਾਰ, ਉੱਚੇ ਵਿਚਾਰ ਅਤੇ ਉੱਚ ਪਾਏ ਦੇ ਸੰਚਾਰ ਦਾ ਸੁਨੇਹਾ ਦਿੰਦੀ ਹੋਈ ਇੱਕ ਪਰਮਾਤਮਾ ਨਾਲ ਜੋੜਦੀ ਹੈ।