ਭਾਰਤਅਮਰੀਕਾ ਵਪਾਰ ਸਮਝੌਤਾ ਅਪਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਗੋਇਲ
ਨਵੀਂ ਦਿੱਲੀ:- ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਅੰਤਰਿਮ ਵਪਾਰ ਸਮਝੌਤੇ ’ਤੇ ਮਾਰਚ ਵਿੱਚ ਦਸਤਖ਼ਤ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਤੋਂ ਬਾਅਦ ਇਹ ਅਪਰੈਲ ਵਿੱਚ ਲਾਗੂ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਭਾਰਤ ਦੇ ਬ੍ਰਿਟੇਨ ਅਤੇ ਓਮਾਨ ਨਾਲ ਮੁਕਤ ਵਪਾਰ ਸਮਝੌਤੇ ਵੀ ਅਪਰੈਲ ਤੋਂ ਅਮਲ ਵਿੱਚ ਆਉਣ ਦੀ ਉਮੀਦ ਹੈ, ਜਦੋਂ ਕਿ ਨਿਊਜ਼ੀਲੈਂਡ ਨਾਲ ਅਜਿਹਾ ਸਮਝੌਤਾ ਸਤੰਬਰ ਤੱਕ ਸਿਰੇ ਚੜ੍ਹ ਸਕਦਾ ਹੈ। ਇਸ ਦਿਸ਼ਾ ਵਿੱਚ ਕਾਰਵਾਈ ਤੇਜ਼ ਕਰਦਿਆਂ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਕਾਨੂੰਨੀ ਮਸੌਦੇ ਨੂੰ ਅੰਤਿਮ ਰੂਪ ਦੇਣ ਲਈ 23 ਫਰਵਰੀ ਤੋਂ ਅਮਰੀਕਾ ਵਿੱਚ ਤਿੰਨ ਦਿਨਾਂ ਅਹਿਮ ਬੈਠਕ ਸ਼ੁਰੂ ਹੋਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਅਤੇ ਅਮਰੀਕਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਅੰਤਰਿਮ ਵਪਾਰ ਸਮਝੌਤੇ ਦੀ ਰੂਪਰੇਖਾ ਤਿਆਰ ਕਰ ਲਈ ਗਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਨਵੀਂ ਉਚਾਈ ’ਤੇ ਲੈ ਕੇ ਜਾਵੇਗਾ।
ਉੱਧਰ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਦਾ ਦੌਰਾ ਕਰਨਗੇ। ਨਵੀਂ ਦਿੱਲੀ ਵਿੱਚ ਏਆਈ ਇਮਪੈਕਟ ਸਮਿਟ ਦੌਰਾਨ ਗੱਲਬਾਤ ਕਰਦਿਆਂ ਗੋਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਨਵੇਂ ਮੁਕਾਮ ’ਤੇ ਲੈ ਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਬਹੁ-ਪ੍ਰਤੀਖਿਆਿਤ ਵਪਾਰਕ ਸਮਝੌਤੇ ’ਤੇ ਬਹੁਤ ਜਲਦ ਦਸਤਖ਼ਤ ਕੀਤੇ ਜਾਣਗੇ, ਜੋ ਕਿ ਆਰਥਿਕ ਸਬੰਧਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
