ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਕਮੇਟੀ ਪਟਿਆਲਾ ਦੀ ਹੋਈ ਅਹਿਮ ਮੀਟਿੰਗ

ਪਟਿਆਲਾ:- ਅੱਜ ਇੱਥੇ ਗੁਰਦੁਆਰਾ ਸਾਹਿਬ ਪਿੰਡ ਮਾਲੋ ਮਾਜਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਲ੍ਹਾ ਪਟਿਆਲਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲ੍ਹਾ ਕਮੇਟੀ ਮੈਂਬਰਾਂ ਨੇ ਅਹਿਮ ਮੁੱਦੇ ਵਿਚਾਰੇ ਗਏ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿਲ 2025 ਬਾਰੇ ਵੱਖ-ਵੱਖ ਕਿਸਾਨ ਆਗੂਆਂ ਨੇ ਬੋਲਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਭਰ ਵਿੱਚ ਬਿਜਲੀ ਦੀ ਵੰਡ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ।
 ਜਿਸ ਨਾਲ ਬਿਜਲੀ ਦਾ ਪੂਰਨ ਰੂਪ ਵਿੱਚ ਪ੍ਰਾਈਵੇਟ ਕਰਨ ਹੋ ਜਾਵੇਗਾ ਅਤੇ ਜੋ ਬਿਜਲੀ ਸਬੰਧੀ ਸਹੂਲਤਾਂ ਕਿਸਾਨਾਂ ਤੇ ਆਮ ਗਰੀਬ ਖਪਤਕਾਰਾਂ ਨੂੰ ਮਿਲ ਰਹੀਆਂ ਹਨ। ਉਹ ਬੰਦ ਹੋ ਜਾਣਗੀਆਂ ਅਤੇ ਬਿਜਲੀ ਪ੍ਰੀਪੇਡ ਮੀਟਰਾਂ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਜਿਸ ਨਾਲ ਦੇਸ਼ ਭਰ ਦੀ ਗਰੀਬ ਜਨਤਾ ਨੂੰ ਬਿਜਲੀ ਦੀ ਵਰਤੋਂ ਕਰਨੀ ਅਸੰਭਵ ਹੋ ਜਾਵੇਗੀ। 
ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ 15,16 ਅਤੇ 17 ਨਵੰਬਰ ਨੂੰ ਪਿੰਡ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਤਾਂ ਜੋ ਬਿਜਲੀ ਸੋਧ ਬਿਲ ਦੇ ਖਿਲਾਫ ਲੋਕਾਂ ਦਾ ਵਿਰੋਧ ਦਰਜ ਕਰਵਾਇਆ ਜਾ ਸਕੇ ਅਤੇ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਉਸ ਤੋਂ ਬਾਅਦ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਧਰਨ ਦਿੱਤੇ ਜਾਣਗੇ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 14 ਦਸੰਬਰ ਨੂੰ ਸੰਭੂ ਵਿਖੇ ਕੀਤੇ ਜਾ ਰਹੇ ਦਿੱਲੀ ਵੱਲ ਮਾਰਚ ਵਿੱਚ ਜਿਲ੍ਹਾ ਪਟਿਆਲਾ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। 
ਮੀਟਿੰਗ ਵਿੱਚ ਜਿਲਾ ਕਮੇਟੀ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨਟ ਦੀਆਂ ਚੋਣਾਂ ਦੀਆਂ ਡੇਟਾਂ ਦੀਆਂ ਮਿਤੀਆਂ ਨਾ ਐਲਾਨਣ ਦੇ ਖਿਲਾਫ ਮਤਾ ਪਾ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਤੋਂ ਆਪਣੇ ਹੱਥ ਪਰੇ ਰੱਖੇ ਅਤੇ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਤੇ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।
 ਜਿਵੇਂ ਪਿਛਲੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਲਾ ਮਿਸਾਲ ਰੈਲੀ ਕੀਤੀ ਗਈ ਉਸੇ ਤਰ੍ਹਾਂ ਅੱਗੇ ਤੋਂ ਜੋ ਵੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕੋਈ ਅਗਲਾ ਐਲਾਨ ਆਉਂਦਾ ਹੈ ਤਾਂ ਯੂਨੀਅਨ ਉਸ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਵੇਗੀ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਦੇ ਅਜਲਾਸ ਦੀਆਂ ਤਿਆਰੀਆਂ ਵਜੋਂ ਸਾਰੇ ਪਿੰਡਾਂ ਵਿੱਚ ਨਵੀਂ ਮੈਂਬਰਸ਼ਿਪ ਕੱਟੀ ਜਾਵੇਗੀ ਤਾਂ ਜੋ ਪਿੰਡਾਂ,ਬਲਾਕ, ਜਿਲਾ ਅਤੇ ਸੂਬਾ ਪੱਧਰ ਦੇ ਇਜਲਾਸ ਨੇਪਰੇ ਚੜ ਜਾਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਤਵੰਤ ਸਿੰਘ ਵਜੀਦਪੁਰ, ਡਾਕਟਰ ਜਰਨੈਲ ਸਿੰਘ ਕਾਲੇਕੇ, ਗੁਰਨਾਮ ਸਿੰਘ ਢੈਂਠਲ, ਬਲਜੀਤ ਸਿੰਘ ਬਹਿਬਲਪੁਰ, ਪਵਨ ਕੁਮਾਰ ਪਸਿਆਣਾ, ਕੇਹਰ ਸਿੰਘ ਅਰਨੋ, ਬਲਜਿੰਦਰ ਸਿੰਘ ਢੀਂਡਸਾ, ਨਾਜਰ ਸਿੰਘ ਕਕਰਾਲਾ, ਜਗਰੂਪ ਸਿੰਘ ਜਾਹਲਾਂ, ਜੱਸੀ ਢਿੱਲੋ ਸ਼ੇਰ ਮਾਜਰਾ, ਯਾਦਵਿੰਦਰ ਸਿੰਘ ਕੂਕਾ, ਜਸਵੰਤ ਸਿੰਘ ਮਹਿਮਦਪੁਰ, ਅਜੈਬ ਸਿੰਘ ਲੌਟ ਆਦਿ ਨੇ ਭਾਗ ਲਿਆ।