ਆਈਜੀਪੀ ਅੰਬਾਲਾ ਨੇ ਸੜਕ ਸੁਰੱਖਿਆ ਲਈ ਦਿੱਤੀਆਂ ਵਿਸ਼ੇਸ਼ ਹਦਾਇਤਾਂ
ਅੰਬਾਲਾ, 5 ਫਰਵਰੀ:- ਅੱਜ, 5 ਫਰਵਰੀ ਨੂੰ ਅੰਬਾਲਾ ਡਿਵੀਜ਼ਨ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਪੰਕਜ ਨੈਨ, ਆਈਪੀਐਸ ਨੇ ਅੰਬਾਲਾ ਕੈਂਟ ਸਥਿਤ ਡਿਵੀਜ਼ਨ ਦਫ਼ਤਰ ਵਿਖੇ ਅੰਬਾਲਾ ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ, ਸੜਕ ਹਾਦਸਿਆਂ ਨੂੰ ਘਟਾਉਣਾ ਅਤੇ ਆਵਾਜਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਾਉਣਾ ਸੀ।
ਮੀਟਿੰਗ ਦੌਰਾਨ ਕੌਮੀ ਅਤੇ ਰਾਜ ਮਾਰਗਾਂ 'ਤੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੇ ਕੰਮਕਾਜ ਦੀ ਪੂਰੀ ਸਮੀਖਿਆ ਕੀਤੀ ਗਈ। ਇੰਸਪੈਕਟਰ ਜਨਰਲ ਨੇ ਨਿਰਦੇਸ਼ ਦਿੱਤੇ ਕਿ ਸਾਰੇ ਕੈਮਰੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਅਤੇ ਸੜਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਵਰ ਕਰਨ। ਇਸ ਤੋਂ ਇਲਾਵਾ ਟਰੈਫ਼ਿਕ ਨਿਯਮਾਂ ਪ੍ਰਤੀ ਜਨਤਕ ਜਾਗਰੂਕਤਾ ਵਧਾਉਣ ਲਈ, ਪ੍ਰਮੁੱਖ ਥਾਵਾਂ 'ਤੇ ਸੂਚਨਾ ਬੋਰਡ ਲਾਏ ਜਾਣੇ ਚਾਹੀਦੇ ਹਨ ਜੋ ਸਪੱਸ਼ਟ ਤੌਰ 'ਤੇ ਦਰਸਾਉਂਦੇ ਹੋਣ ਕਿ ਸਬੰਧਿਤ ਰੂਟ ਸੀਸੀਟੀਵੀ ਨਿਗਰਾਨੀ ਹੇਠ ਹੈ ਤਾਂ ਜੋ ਲੋਕ ਸਵੈ-ਇੱਛਾ ਨਾਲ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਸਕਣ। ਹਾਦਸਿਆਂ ਦੇ ਹੌਟ ਸਪੌਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਸੁਧਾਰ ਤੇ ਹੱਲ ਲਈ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ (ਆਰਟੀਓ) ਨਾਲ ਸਮੇਂ-ਸਮੇਂ 'ਤੇ ਸਾਂਝੀਆਂ ਮੀਟਿੰਗਾਂ ਕਰਨ ਅਤੇ ਦੋਵਾਂ ਵਿਭਾਗਾਂ ਵਿਚਕਾਰ ਤਾਲਮੇਲ ਰਾਹੀਂ ਟਰੈਫ਼ਿਕ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ।
ਟਰੈਫ਼ਿਕ ਸਟਾਫ ਲਈ ਡਿਊਟੀ ਦੌਰਾਨ ਸਰੀਰ ਨਾਲ ਜੁੜੇ ਕੈਮਰੇ ਲਗਾਉਣਾ ਲਾਜ਼ਮੀ ਬਣਾਉਣ, ਪਾਰਦਰਸ਼ਤਾ ਬਣਾਈ ਰੱਖਣ, ਜਨਤਾ ਨਾਲ ਪੇਸ਼ ਆਉਣ ਵਿੱਚ ਸ਼ਿਸ਼ਟਾਚਾਰ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਵਿਵਾਦ ਦੀ ਸਥਿਤੀ ਵਿੱਚ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਟਰੈਫ਼ਿਕ ਅਨੁਸ਼ਾਸਨ ਸਥਾਪਤ ਕਰਨ ਅਤੇ ਸੜਕ ਹਾਦਸਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਆਨਲਾਈਨ ਚਲਾਨ ਪ੍ਰਣਾਲੀ ਰਾਹੀਂ ਲਾਲ ਬੱਤੀਆਂ ਟੱਪਣ ਵਾਲੇ ਡਰਾਈਵਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਅੰਤ ਵਿੱਚ ਪੁਲੀਸ ਇੰਸਪੈਕਟਰ ਜਨਰਲ ਨੇ ਸਾਰੇ ਅਧਿਕਾਰੀਆਂ ਨੂੰ ਟਰੈਫ਼ਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜਨਤਕ ਸੁਰੱਖਿਆ ਨੂੰ ਪ੍ਰਮੁੱਖਤਾ ਦਿੰਦੇ ਹੋਏ ਇੱਕ ਸੰਵੇਦਨਸ਼ੀਲ, ਚੌਕਸ ਅਤੇ ਜ਼ਿੰਮੇਵਾਰ ਪਹੁੰਚ ਅਪਣਾਉਣ ਦੇ ਨਿਰਦੇਸ਼ ਦਿੱਤੇ।
