ਅਮਰੀਕਾ ਭਾਰਤ ਦੇ ਦੁਵੱਲੇ ਸਮਝੌਤੇ ਦੀਆਂ ਚੁਣੌਤੀਆਂ ਵਿਸ਼ੇ ਤੇ ਆਈਡੀਪੀ ਵੱਲੋਂ ਵਿਚਾਰ ਚਰਚਾ
ਪਟਿਆਲਾ, 1 ਮਾਰਚ 2026:- ਤਰਕਸੀਲ ਭਵਨ ਪਟਿਆਲਾ ਵਿਖੇ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ, ਆਈਡੀਪੀ ਵੱਲੋਂ " ਭਾਰਤ ਅਮਰੀਕਾ ਦਵੱਲੇ ਸਮਝੌਤੇ ਦੀਆਂ ਚੁਣੌਤੀਆਂ " ਵਿਸ਼ੇ ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਇਸ ਦੁਵੱਲੇ ਸਮਝੌਤੇ ਨਾਲ ਮੋਦੀ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ। ਇਸ ਮੌਕੇ ਉੱਘੇ ਚਿੰਤਕ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੀ ਹਾਲਤ ਇਹ ਬਣ ਗਈ ਹੈ ਕਿ ਜੋ ਲੋਕਾਂ ਦੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਦਾ ਹੈ, ਉਹੀ ਆਪਣੇ ਆਪ ਨੂੰ ਦੇਸ਼ ਸਮਝਣ ਲੱਗ ਜਾਂਦਾ ਹੈ।
ਇਸੇ ਲਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਹੋਏ ਦਵੱਲੇ ਸਮਝੌਤੇ ਤੋਂ ਪਹਿਲਾਂ ਦੇਸ਼ ਦੀ ਜਨਤਾ ਨਾਲ, ਵਿਰੋਧੀ ਧਿਰਾਂ ਨਾਲ, ਲੋਕ ਸਭਾ, ਰਾਜ ਸਭਾ ਨਾਲ, ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਨੀ ਜਰੂਰੀ ਨਹੀਂ ਸਮਝੀ। ਉਹਨਾਂ ਅੱਗੇ ਕਿਹਾ ਕਿ ਇਹ ਸਮਝੌਤੇ ਨਾਲ ਦੇਸ਼ ਦੀ ਪ੍ਰਭੂਸੱਤਾ ਨੂੰ ਸੱਟ ਵੱਜੀ ਹੈ । ਟਰੰਪ ਵੱਲੋਂ ਮੋਦੀ ਦੀ ਬਾਂਹ ਮਰੋੜ ਕੇ ਸਮਝੌਤਾ ਕੀਤਾ ਹੈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਐਪਸਟੀਨ ਫਾਇਲਾਂ ਨੇ ਜੋ ਸੱਚ ਸਾਹਮਣੇ ਲਿਆਂਦਾ ਹੈ ਉਸ ਨਾਲ ਦੁਨੀਆਂ ਦੇ ਵੱਡੇ ਚਿਹਰੇ ਨੰਗੇ ਹੋ ਚੁੱਕੇ ਹਨ, ਜੋ ਨੈਤਿਕ ਤੌਰ ਤੇ ਬਿਲਕੁੱਲ ਗਰਕ ਚੁੱਕੇ ਹਨ।
ਇਹਨਾਂ ਘਟਨਾਵਾਂ ਤੋਂ ਲੱਗਦਾ ਹੈ ਕਿ ਅਮਰੀਕਾ ਦੂਸਰੇ ਦੇਸ਼ਾਂ ਦੇ ਹੁਕਮਰਾਨਾਂ ਨੂੰ ਬਲੈਕਮੇਲ ਕਰਕੇ ਸਮਝੌਤੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਵੀ ਐਪਸਟੀਨ ਫਾਇਲਾਂ ਨਾਲ ਜੁੜਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਟਰੰਪ ਵੱਲੋਂ ਜਿਸ ਤਰ੍ਹਾਂ ਦੁਨੀਆਂ ਦੀਆਂ ਜਮਹੂਰੀ ਸੰਸਥਾਵਾਂ ਦਾ ਘਾਣ ਕਰਕੇ ਮਨ ਮਾਨੇ ਢੰਗ ਨਾਲ ਤਾਨਾਸਾਹੀ ਕਰ ਰਿਹਾ ਹੈ, ਇਸ ਨਾਲ ਲੱਗਦਾ ਹੈ ਕਿ ਦੁਨੀਆਂ ਨੂੰ ਪੁੱਠਾ ਗੇੜ ਲੱਗ ਚੁੱਕਾ ਹੈ, ਤੀਜੀ ਸੰਸਾਰ ਜੰਗ ਵੱਲ ਦੁਨੀਆਂ ਨੂੰ ਧੱਕਿਆ ਜਾ ਰਿਹਾ ਹੈ। ਜਿਸ ਦੇ ਨਤੀਜੇ ਭਿਆਨਕ ਹੋਣਗੇ।
ਪਿਛਲੇ ਦੋ ਕੁ ਮਹੀਨਿਆਂ ਵਿੱਚ ਟਰੰਪ ਟੈਰਿਫ ਨਾਲ ਦੂਸਰੇ ਦੇਸ਼ਾਂ ਤੇ ਬਦਮਾਸ਼ੀ ਕਰਕੇ 2 ਲੱਖ ਅਰਬ ਡਾਲਰ ਦੇ ਕਰੀਬ ਪੈਸਾ ਇਕੱਠਾ ਕਰ ਚੁੱਕਾ ਹੈ। ਉਹਨਾਂ ਅਖੀਰ ਵਿੱਚ ਕਿਹਾ ਕਿ ਅਮਰੀਕਾ ਨਾਲ ਭਾਰਤ ਦੇ ਹੋਏ ਸਮਝੌਤੇ ਨੂੰ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦੇ ਵਿਰੋਧੀ ਦੱਸਿਆ। ਭਾਰਤ ਵਿੱਚ ਇਹ ਸਮਝੌਤੇ ਦੇ ਨਤੀਜੇ ਮਾੜੇ ਸਾਬਤ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਸੰਗਰੂਰ, ਗੁਰਮੀਤ ਸਿੰਘ ਥੂਹੀ, ਮਨਪ੍ਰੀਤ ਕੌਰ ਰਾਜਪੁਰਾ, ਕੁਲਵਿੰਦਰ ਕੌਰ ਰਾਮਗੜ੍ਹ, ਜੰਗੀਰ ਸਿੰਘ ਪਟਿਆਲਾ, ਜੋਗਿੰਦਰ ਸਿੰਘ ਮੌਜੀ, ਪ੍ਰੋਫੈਸਰ ਸੁਖਜਿੰਦਰ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ, ਜਸਬੀਰ ਸਿੰਘ ਮੁਲਾਜ਼ਮ ਆਗੂ, ਦਵਿੰਦਰ ਸਿੰਘ ਪੂਨੀਆਂ ਜ਼ਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਦਵਿੰਦਰ ਸਿੰਘ ਟੌਹੜਾ, ਸੁਨੀਤਾ ਰਾਣੀ ਕੈਦੂਪੁਰ, ਤਾਰਾ ਸਿੰਘ ਫੱਗੂਵਾਲਾ, ਖਿਆਲੀ ਰਾਮ ਪਾਤੜਾਂ, ਰਣਜੀਤ ਸਿੰਘ ਪਟਿਆਲਾ, ਲਖਬੀਰ ਸਿੰਘ ਕਨਸੂਹਾ ਆਦਿ ਨੇ ਸ਼ਮੂਲੀਅਤ ਕੀਤੀ।
