ਗਲੋਬਲ ਵਾਰਮਿੰਗ ਨਾਲ ਪੈਦਾ ਹੋ ਰਹੀਆਂ ਤਬਾਹੀਆਂ ਲਈ ਮਨੁੱਖੀ ਲਾਪਰਵਾਹੀ ਜ਼ਿੰਮੇਵਾਰ ਪ੍ਰਿੰਸੀਪਲ ਸਰਲਾ ਭਟਨਾਗਰ

ਪਟਿਆਲਾ:- ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਕਰਵਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਪੇਂਟਿੰਗ ਮੁਕਾਬਲਿਆਂ ਦੇ ਸਬੰਧ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ 76 ਵਿਦਿਆਰਥੀਆਂ ਨੇ ਗਲੋਬਲ ਵਾਰਮਿੰਗ, ਵਾਤਾਵਰਣ ਸੰਭਾਲ ਅਤੇ ਕੁਦਰਤੀ ਆਫ਼ਤਾਂ ਵਰਗੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਪੇਂਟਿੰਗਾਂ ਤਿਆਰ ਕੀਤੀਆਂ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਰਾਸ਼ਟਰੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ, ਪ੍ਰਦੂਸ਼ਣ ਅਤੇ ਵੱਧ ਰਹੀ ਗਰਮੀ ਕਾਰਨ ਦੁਨੀਆ ਭਰ ਵਿੱਚ ਭਿਆਨਕ ਕੁਦਰਤੀ ਆਫ਼ਤਾਂ ਅਤੇ ਵਾਤਾਵਰਣ ਸੰਕਟ ਪੈਦਾ ਹੋ ਰਹੇ ਹਨ।
ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕਿਹਾ ਕਿ ਪਿਛਲੇ 50 ਤੋਂ 60 ਸਾਲਾਂ ਦੌਰਾਨ ਮਨੁੱਖ ਨੇ ਆਪਣੇ ਸਵਾਰਥ, ਸਹੂਲਤਾਂ ਅਤੇ ਵਿਕਾਸ ਦੇ ਨਾਮ 'ਤੇ ਜੰਗਲਾਂ, ਨਦੀਆਂ, ਪਹਾੜਾਂ, ਹਰਿਆਵਲੀ, ਆਕਸੀਜਨ ਦੇ ਸਰੋਤਾਂ ਅਤੇ ਉਪਜਾਊ ਜ਼ਮੀਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਦਾ ਸਭ ਤੋਂ ਵੱਧ ਖਮਿਆਜ਼ਾ ਅੱਜ ਦੇ ਬੱਚੇ, ਨੌਜਵਾਨ ਅਤੇ ਪਸ਼ੂ-ਪੰਛੀ ਭੁਗਤ ਰਹੇ ਹਨ।
ਪ੍ਰਿੰਸੀਪਲ ਸਰਲਾ ਭਟਨਾਗਰ, ਕਾਕਾ ਰਾਮ ਵਰਮਾ ਅਤੇ ਐਨ.ਸੀ.ਸੀ. ਅਫ਼ਸਰ ਸਚਨਾ ਸ਼ਰਮਾ ਨੇ ਦੱਸਿਆ ਕਿ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਲਗਭਗ 35 ਫੀਸਦੀ ਖੇਤਰ ਵਿੱਚ ਰੁੱਖ, ਘਾਹ ਅਤੇ ਹਰਿਆਵਲੀ ਹੈ, ਜਿਸ ਨਾਲ ਵਾਤਾਵਰਣ ਨੂੰ ਸੁੱਚਾ ਬਣਾਉਣ ਦੇ ਨਾਲ-ਨਾਲ ਅਮਨ, ਸ਼ਾਂਤੀ ਅਤੇ ਕੁਦਰਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਕਾਕਾ ਰਾਮ ਵਰਮਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਤਾਵਰਣ ਸੰਭਾਲ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਆਕਸੀਜਨ ਸਿਲੰਡਰ ਨਾਲ ਲੈ ਕੇ ਚੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪੀਣ ਵਾਲੇ ਪਾਣੀ ਅਤੇ ਉਪਜਾਊ ਜ਼ਮੀਨ ਲਈ ਟਕਰਾਅ ਅਤੇ ਜੰਗਾਂ ਵੀ ਹੋ ਸਕਦੀਆਂ ਹਨ।
ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਪਾਣੀ ਦੀ ਹਰ ਬੂੰਦ ਨੂੰ ਸੋਨੇ-ਚਾਂਦੀ ਵਾਂਗ ਸੰਭਾਲਿਆ ਜਾਵੇ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਧਰਤੀ, ਭਾਰਤ ਅਤੇ ਪੰਜਾਬ ਵਿੱਚ ਜੰਗਲਾਂ, ਨਦੀਆਂ, ਪਹਾੜਾਂ, ਹਰਿਆਵਲੀ ਅਤੇ ਜੰਗਲੀ ਜੀਵਾਂ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਵਾਤਾਵਰਣ ਸੰਤੁਲਨ ਗੰਭੀਰ ਖ਼ਤਰੇ ਵਿੱਚ ਹੈ।