ਖਾਲਸਾ ਕਾਲਜ ਮਾਹਿਲਪੁਰ ਵਿੱਚ ਦਾਖਲੇ ਸਬੰਧੀ ਵਿਦਿਆਰਥੀਆਂ ਵਿੱਚ ਵੱਡਾ ਉਤਸ਼ਾਹ
ਮਾਹਿਲਪੁਰ, 9 ਜੁਲਾਈ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਚ ਸੈਸ਼ਨ 2025-26 ਤਹਿਤ ਗਰੈਜੂਏਟ ਅਤੇ ਪੋਸਟ ਗਰੈਜੂਏਟ ਨਾਲ ਜੁੜੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲ ਹੋਣ ਲਈ ਵਿਦਿਆਰਥੀਆਂ ਵਿੱਚ ਭਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਕਾਲਜ ਵਿੱਚ ਸਥਾਪਿਤ ਦਾਖਿਲਾ ਅਤੇ ਕਾਉਂਸਲਿੰਗ ਸੈੱਲ ਵਿੱਚ ਪੁੱਜ ਕੇ ਆਪਣੀ ਚੋਣ ਅਤੇ ਕੈਰੀਅਰ ਸੇਧ ਅਨੁਸਾਰ ਵੱਖ-ਵੱਖ ਕੋਰਸਾਂ ਵਿੱਚ ਦਾਖਿਲ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਮਾਹਿਲਪੁਰ ਬਲਾਕ ਦੇ ਪਿੰਡ ਭਾਮ,ਜੰਡੋਲੀ ਸਮੇਤ ਸੈਲਾ ਖੁਰਦ ਨਜ਼ਦੀਕ ਪਿੰਡ ਪਦਰਾਣਾ, ਗੜਸ਼ੰਕਰ ਦੇ ਵਿਦਿਆਰਥੀਆਂ ਲਈ ਭਾਈ ਤਿਲਕੂ ਜੀ ਗੁਰਦੁਆਰਾ, ਗੜਸ਼ੰਕਰ ਨੇੜੇ ਅਤੇ ਸ਼ਹੀਦ ਭਗਤ ਸਿੰਘ ਨਗਰ ਸਮੇਤ ਬਲਾਚੌਰ ਖੇਤਰ ਦੇ ਵਿਦਿਆਰਥੀਆਂ ਲਈ ਬਲਾਚੌਰ ਸ਼ਹਿਰ ਵਿੱਚ ਵੱਖ ਵੱਖ ਦਾਖ਼ਲਾ ਕੇਂਦਰ ਵੀ ਖੋਲ੍ਹੇ ਗਏ ਹਨ ਜਿੱਥੇ ਪੁੱਜ ਰਹੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਹਾਸਿਲ ਕਰਨ ਉਪਰੰਤ ਇਸ ਸੰਸਥਾ ਵਿੱਚ ਦਾਖ਼ਲ ਹੋਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਈ ਕੋਰਸਾਂ ਵਿੱਚ ਸੀਟਾਂ ਭਰ ਚੁੱਕੀਆਂ ਹਨ ਅਤੇ ਕੁਝ ਕੋਰਸਾਂ ਵਿੱਚ ਸੀਮਤ ਸੀਟਾਂ ਬਾਕੀ ਬਚੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਇਸ ਸੈਸ਼ਨ ਤੋਂ ਬੀਐਸਸੀ (ਐੱਮਐੱਲਟੀ) ਦਾ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਪ੍ਰਤੀ ਵਿਦਿਆਰਥੀਆ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਅਤੇ ਦਾਖਿਲਾ ਸੈੱਲ ਵਿਚ ਸੰਪਰਕ ਕਰਕੇ ਇਸ ਸੰਸਥਾ ਵਿੱਚ ਆਪਣਾ ਦਾਖਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ ਜਸਵਿੰਦਰ ਸਿੰਘ, ਪ੍ਰੋ ਵਰਿੰਦਰ, ਡਾ ਤਾਰਾ ਦੇਵੀ, ਡਾ ਕੋਮਲ ਬੱਧਣ ਸਮੇਤ ਹੋਰ ਅਧਿਆਪਕ ਅਤੇ ਦਾਖਿਲਾ ਹਾਸਿਲ ਕਰਨ ਵਾਲੇ ਵਿਦਿਆਰਥੀ ਹਾਜ਼ਰ ਸਨ।
