ਹੁਸ਼ਿਆਰਪੁਰ ਅੰਡਰ15 ਮਹਿਲਾ ਟੀਮ ਇੰਟਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼

ਹੁਸ਼ਿਆਰਪੁਰ- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਇੰਟਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਅੰਡਰ-15 ਮਹਿਲਾ ਕ੍ਰਿਕਟ ਟੀਮ ਨੇ ਜਲੰਧਰ ਨੂੰ 35 ਰਨਾਂ ਨਾਲ ਹਰਾਕੇ ਸੈਮੀਫਾਈਨਲ ਵਿੱਚ ਦਾਖ਼ਲਾ ਹਾਸਲ ਕੀਤਾ। 
ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 35 ਓਵਰਾਂ ਦੇ ਇਸ ਮੁਕਾਬਲੇ ਵਿੱਚ ਜਲੰਧਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਨੇ 34.4 ਓਵਰਾਂ ਵਿੱਚ ਸਭ ਆਊਟ ਹੋ ਕੇ 122 ਰਨ ਬਣਾਏ। 
ਭੂਮਿਕਾ ਸ਼ਰਮਾ ਨੇ ਸਭ ਤੋਂ ਵੱਧ 29 ਰਨ ਜੋੜੇ, ਕਸ਼ਵੀ ਰਾਣਾ ਨੇ 25 ਰਨ ਅਤੇ ਉਪਕਪਤਾਨ ਅਨਨਿਆ ਠਾਕੁਰ ਨੇ 11 ਰਨ ਬਣਾਏ। ਜਲੰਧਰ ਵਲੋਂ ਰਿਜਲ ਕੌਰ ਸੰਧੂ ਨੇ ਛੇ ਵਿਕਟਾਂ ਹਾਸਲ ਕੀਤੀਆਂ ਜਦਕਿ ਰਿਤਿਕਾ ਨੇ ਇੱਕ ਵਿਕਟ ਆਪਣੇ ਨਾਮ ਕੀਤੀ। ਜਵਾਬੀ ਪਾਰੀ ਵਿੱਚ 123 ਰਨਾਂ ਦੇ ਲੱਛੇ ਦਾ ਪਿੱਛਾ ਕਰਦਿਆਂ ਜਲੰਧਰ ਦੀ ਪੂਰੀ ਟੀਮ ਹੋਸ਼ਿਆਰਪੁਰ ਦੀ ਅਨੁਸ਼ਾਸਤ ਗੇਂਦਬਾਜ਼ੀ ਅੱਗੇ ਸਿਰਫ਼ 87 ਰਨਾਂ 'ਤੇ ਢੇਰ ਹੋ ਗਈ। 
ਰਿਤਿਕਾ 37 ਰਨਾਂ 'ਤੇ ਨਾਅਟਆਊਟ ਰਹੀ ਜਦਕਿ ਗੁਰਸਿਮਰਨ ਨੇ 12 ਰਨ ਬਣਾਏ। ਹੋਸ਼ਿਆਰਪੁਰ ਵਲੋਂ ਉਪਕਪਤਾਨ ਅਨਨਿਆ ਠਾਕੁਰ ਨੇ ਸਭ ਤੋਂ ਵੱਧ ਚਾਰ ਵਿਕਟਾਂ ਹਾਸਲ ਕੀਤੀਆਂ, ਅੰਸ਼ਿਕਾ ਨੇ ਤਿੰਨ, ਕਪਤਾਨ ਧ੍ਰੁਵਿਕਾ ਸੇਠ ਨੇ ਦੋ ਤੇ ਕਸ਼ਵੀ ਰਾਣਾ ਨੇ ਇੱਕ ਵਿਕਟ ਲਈ।35 ਰਨਾਂ ਦੀ ਇਸ ਜਿੱਤ ਨਾਲ ਹੁਸ਼ਿਆਰਪੁਰ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 
ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਸਿੰਘ ਖੇਲਾ ਨੇ ਸਾਰੀ ਐਸੋਸੀਏਸ਼ਨ ਦੀ ਓਰੋਂ ਟੀਮ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ 'ਤੇ ਟੀਮ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕੀਤਾ ਕੁਮਾਰੀ, ਜ਼ਿਲ੍ਹਾ ਹੈੱਡ ਕੋਚ ਦਲਜੀਤ ਸਿੰਘ, ਜੂਨੀਅਰ ਕੋਚ ਦਲਜੀਤ ਧੀਮਨ, ਪੰਕਜ ਪਿੰਕਾ ਅਤੇ ਦਿਨੇਸ਼ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ। 
ਪੀ.ਸੀ.ਏ. ਸਲੇਕਟਰ ਗੁਰਦੀਪ ਮਿਨਹਾਸ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ, ਜਦਕਿ ਐਚ.ਡੀ.ਸੀ.ਏ. ਟ੍ਰੇਨਰ ਅਤੇ ਭਾਰਤ ਦੀ ਪੂਰਵ ਖਿਡਾਰਨ ਕੁਲਦੀਪ ਧਾਮੀ, ਨਾਲ ਹੀ ਪੂਰਵ ਖਿਡਾਰਨ ਨਰੇਸ਼ ਕਲੂ, ਪੂਜਾ, ਅੰਜਲੀ, ਵੰਸ਼ਿਕਾ ਅਤੇ ਸੁਹਾਨਾ ਨੇ ਵੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਹੁਣ 16 ਅਕਤੂਬਰ ਨੂੰ ਪਟਿਆਲਾ–ਮੁਕਤਸਰ ਮੈਚ ਦੇ ਜੇਤੂ ਨਾਲ ਸੈਮੀਫਾਈਨਲ ਖੇਡੇਗੀ।