ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਰਾਸ਼ਟਰੀ ਖੇਡ ਦਿਵਸ
ਪਟਿਆਲਾ, 18 ਅਗਸਤ:- ਹਰ ਸਾਲ ਭਾਰਤ ਵਿੱਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਦਿਹਾੜੇ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਵਿਖੇ ਹੋਇਆ। ਉਨ੍ਹਾਂ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦੀ ਲਗਨ ਸੀ। ਇਸ ਲਈ ਉਹ ਕਿਸੇ ਵੀ ਸੋਟੀ ਜਾਂ ਲੱਕੜ ਨੂੰ ਹਾਕੀ ਸਮਝ ਕੇ ਖੇਡਿਆ ਕਰਦੇ ਸਨ।
16 ਸਾਲ ਦੀ ਉਮਰ ਵਿੱਚ ਉਹ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਏ। ਉੱਥੇ ਉਨ੍ਹਾਂ ਨੂੰ ਹਾਕੀ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ ਸਨ। ਇਸ ਲਈ ਉਹ ਰਾਤ ਨੂੰ ਰੇਲਵੇ ਟਰੈਕ ’ਤੇ ਜਾ ਕੇ ਚੰਦ ਦੀ ਰੌਸ਼ਨੀ ਵਿੱਚ ਹਾਕੀ ਨਾਲ ਗੇਂਦ ਨੂੰ ਦੌੜਾਇਆ ਕਰਦੇ ਸਨ। ਇਸ ਕਾਰਨ ਉਨ੍ਹਾਂ ਦੇ ਨਾਮ ਨਾਲ ‘ਚੰਦ’ ਜੁੜ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਆਰਮੀ ਹਾਕੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਅੰਗਰੇਜ਼ਾਂ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾਂਦੇ ਸਨ।
1928 ਵਿੱਚ ਭਾਰਤੀ ਹਾਕੀ ਟੀਮ ਵੱਲੋਂ ਓਲੰਪਿਕ ਖੇਡਾਂ ਵਿੱਚ ਭਾਗ ਲੈਂਦਿਆਂ ਉਨ੍ਹਾਂ ਨੇ 14 ਗੋਲ ਕਰਕੇ ਨਾਮਣਾ ਖੱਟਿਆ। 1932 ਵਿੱਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
1936 ਵਿੱਚ ਭਾਰਤੀ ਹਾਕੀ ਟੀਮ ਨੂੰ ਬਰਲਿਨ, ਜਰਮਨੀ ਵਿਖੇ ਜਰਮਨ ਹਾਕੀ ਟੀਮ ਦਾ ਸਾਹਮਣਾ ਕਰਨਾ ਸੀ। ਜਰਮਨੀ ਦੇ ਸ਼ਾਸਕ ਹਿਟਲਰ ਵੀ ਇਹ ਮੈਚ ਦੇਖਣ ਲਈ ਪਹੁੰਚਿਆ। ਹਿਟਲਰ ਨੇ ਜਰਮਨ ਟੀਮ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜਰਮਨੀ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰੇਗਾ। ਉਸ ਨੇ ਟੀਮ ਨੂੰ ਜਿੱਤ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਤਣ ’ਤੇ ਖਿਡਾਰੀਆਂ ਨੂੰ ਇਨਾਮ ਅਤੇ ਤਰੱਕੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਮੇਜਰ ਧਿਆਨ ਚੰਦ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਦੀ ਖੇਡ ਕਲਾ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ।
ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਹਿਟਲਰ ਨੇ ਧਿਆਨ ਚੰਦ ਨੂੰ ਆਪਣੇ ਕੋਲ ਬੁਲਾਇਆ। ਫੌਜੀ ਧਿਆਨ ਚੰਦ ਨੇ ਹਿਟਲਰ ਨੂੰ ਸਲੂਟ ਕੀਤਾ। ਹਿਟਲਰ ਨੇ ਉਨ੍ਹਾਂ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਜਰਮਨੀ ਨੂੰ ਤੇਰੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਤੂੰ ਭਾਰਤੀ ਫੌਜ ਨੂੰ ਛੱਡ ਕੇ ਜਰਮਨ ਫੌਜ ਵਿੱਚ ਆ ਜਾ। ਮੈਂ ਤੈਨੂੰ ਮੇਜਰ ਬਣਾ ਕੇ ਹਾਕੀ ਟੀਮ ਦਾ ਕਪਤਾਨ ਬਣਾਵਾਂਗਾ ਅਤੇ ਤੈਨੂੰ ਪੂਰੀਆਂ ਸਹੂਲਤਾਂ, ਸਨਮਾਨ ਅਤੇ ਵੱਧ ਤੋਂ ਵੱਧ ਧਨ-ਦੌਲਤ ਦਿੱਤੀ ਜਾਵੇਗੀ। ਸ਼ਾਇਦ ਤੇਰੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਤੈਨੂੰ ਇਹ ਸਨਮਾਨ, ਖੁਸ਼ਹਾਲੀ ਅਤੇ ਸ਼ੋਹਰਤ ਨਾ ਦੇ ਸਕੇ।
ਮੇਜਰ ਧਿਆਨ ਚੰਦ ਨੇ ਸਾਵਧਾਨ ਹੋ ਕੇ ਨਿਮਰਤਾ ਨਾਲ ਕਿਹਾ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੇਰਾ ਦੇਸ਼ ਮੈਨੂੰ ਕੀ ਦੇਵੇਗਾ। ਮੈਂ ਤਾਂ ਹਮੇਸ਼ਾ ਇਹ ਸੋਚਦਾ ਅਤੇ ਯਤਨ ਕਰਦਾ ਹਾਂ ਕਿ ਮੈਂ ਆਪਣੇ ਦੇਸ਼ ਦੀ ਸੁਰੱਖਿਆ, ਖੁਸ਼ਹਾਲੀ, ਉੱਨਤੀ ਅਤੇ ਸਨਮਾਨ ਲਈ ਕੀ ਕਰ ਸਕਦਾ ਹਾਂ।
ਇਹ ਉੱਤਰ ਸੁਣ ਕੇ ਹਿਟਲਰ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਖੜ੍ਹੇ ਹੋ ਕੇ ਧਿਆਨ ਚੰਦ ਨਾਲ ਹੱਥ ਮਿਲਾਇਆ ਅਤੇ ਕਿਹਾ ਕਿ ਜੇਕਰ ਮੇਰੇ ਕੋਲ ਤੇਰੇ ਵਰਗੇ ਦੇਸ਼ ਭਗਤ ਯੋਧੇ ਹੁੰਦੇ ਤਾਂ ਮੈਂ ਦੁਨੀਆ ਜਿੱਤ ਸਕਦਾ ਸੀ। ਉਸ ਨੇ ਧਿਆਨ ਚੰਦ ਨੂੰ ਕਿਹਾ ਕਿ ਕਦੇ ਵੀ ਭਾਰਤ ਨੂੰ ਮੇਰੀ ਮਦਦ ਦੀ ਲੋੜ ਪਈ ਤਾਂ ਮੈਂ ਜ਼ਰੂਰ ਮਦਦ ਕਰਾਂਗਾ।
ਮੇਜਰ ਧਿਆਨ ਚੰਦ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੈਨਿਕ ਵਜੋਂ ਜੰਗਾਂ ਵਿੱਚ ਸੇਵਾ ਨਿਭਾਈ। ਦੂਜੇ ਵਿਸ਼ਵ ਯੁੱਧ ਦੌਰਾਨ ਅੰਤਰਰਾਸ਼ਟਰੀ ਕਮੇਟੀ ਆਫ਼ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਦੀ ਅਗਵਾਈ ਹੇਠ ਜੰਗੀ ਕੈਦੀਆਂ ਦੀ ਸੇਵਾ-ਸੰਭਾਲ ਵਿੱਚ ਵੀ ਯੋਗਦਾਨ ਪਾਇਆ।
ਉਨ੍ਹਾਂ ਨੇ ਕੁਝ ਸਮਾਂ ਨੇਤਾਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਵਿਖੇ ਚੀਫ਼ ਟ੍ਰੇਨਰ ਵਜੋਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ।
1956 ਵਿੱਚ ਉਹ ਸੇਵਾ ਮੁਕਤ ਹੋਏ ਅਤੇ ਆਪਣੇ ਸ਼ਹਿਰ ਇਲਾਹਾਬਾਦ ਵਿਖੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਕੀ ਖੇਡਣ ਦੀ ਸਿਖਲਾਈ ਦਿੰਦੇ ਰਹੇ। ਬਾਅਦ ਵਿੱਚ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਗਏ ਅਤੇ 3 ਦਸੰਬਰ 1979 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਮੇਜਰ ਧਿਆਨ ਚੰਦ ਨੇ ਆਪਣੇ ਬਚਪਨ, ਨੌਜਵਾਨੀ ਅਤੇ ਜਵਾਨੀ ਦੌਰਾਨ ਅਨੇਕਾਂ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਹਾਕੀ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਅਤੇ ਹਰ ਰੋਜ਼ ਖੇਡਣ ਲਈ ਮਿਹਨਤ ਕੀਤੀ। ਰੇਲਵੇ ਲਾਈਨ ’ਤੇ ਉਹ ਰਾਤ ਸਮੇਂ ਚੰਦ ਦੀ ਰੌਸ਼ਨੀ ਵਿੱਚ ਹਾਕੀ ਨਾਲ ਗੇਂਦ ਨੂੰ ਦੌੜਾਇਆ ਕਰਦੇ ਸਨ। ਉਨ੍ਹਾਂ ਦੀ ਇਹ ਮਿਹਨਤ, ਲਗਨ ਅਤੇ ਦੇਸ਼ ਪ੍ਰਤੀ ਸਮਰਪਣ ਅੱਜ ਵੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਅੱਜ ਦੇ ਸਮੇਂ ਵਿੱਚ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਆਰਾਮ-ਪ੍ਰਸਤੀ, ਮੌਜ-ਮਸਤੀ, ਫੈਸ਼ਨ ਅਤੇ ਹੋਰ ਗਲਤ ਰੁਝਾਨਾਂ ਤੋਂ ਬਚਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ, ਦਰੋਣਾਚਾਰੀਆ ਅਤੇ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਖਿਡਾਰੀਆਂ ਅਤੇ ਕੋਚਾਂ ਦੇ ਸੰਘਰਸ਼ਮਈ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਾਰ-ਵਾਰ ਦੱਸਣਾ ਬਹੁਤ ਲਾਭਦਾਇਕ ਸਿੱਧ ਹੋ ਸਕਦਾ ਹੈ।
ਇਸੇ ਤਰ੍ਹਾਂ ਵਿਗਿਆਨ, ਤਕਨਾਲੋਜੀ, ਸਮਾਜ ਸੇਵਾ ਅਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਕ੍ਰਾਂਤੀਕਾਰੀਆਂ ਅਤੇ ਯੋਧਿਆਂ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀਆਂ ਵਿੱਚ ਮਿਹਨਤ, ਅਨੁਸ਼ਾਸਨ, ਦੇਸ਼ ਭਗਤੀ, ਸਮਾਜਿਕ ਜ਼ਿੰਮੇਵਾਰੀ ਅਤੇ ਸਫਲਤਾ ਲਈ ਸੰਘਰਸ਼ ਕਰਨ ਦੀ ਭਾਵਨਾ ਪੈਦਾ ਹੋਵੇਗੀ।
ਹਰੇਕ ਸਕੂਲ, ਸ਼ਹਿਰ ਅਤੇ ਪਿੰਡ ਵਿੱਚ ਖੇਡ ਮੈਦਾਨ ਹੋਣੇ ਚਾਹੀਦੇ ਹਨ। ਹਰ ਵਿਦਿਆਰਥੀ ਲਈ ਘੱਟੋ-ਘੱਟ ਇੱਕ ਆਊਟਡੋਰ ਖੇਡ ਅਤੇ ਇੱਕ ਸਮਾਜ ਸੁਧਾਰਕ ਗਤੀਵਿਧੀ ਵਿੱਚ ਭਾਗ ਲੈਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਹੋਵੇਗਾ ਅਤੇ ਉਹ ਇੱਕ ਸਿਹਤਮੰਦ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣਗੇ।
