ਹੈਲਪਿੰਗ ਹੈਪਲੈਸ ਸੰਸਥਾ ਨੇ ਇੱਕ ਹੋਰ ਵਿਲਕਦੇ ਪਰਿਵਾਰ ਦੀ ਫੜੀ ਬਾਂਹ

ਐਸ ਏ ਐਸ ਨਗਰ, 13 ਅਕਤੂਬਰ: ਕਨੇਡਾ ਦੀ ਧਰਤੀ ’ਤੇ ਰੋਜ਼ੀ-ਰੋਟੀ ਕਮਾਉਣ ਗਏ ਗੁਰਜੀਤ ਸਿੰਘ ਵਾਸੀ ਹੁਸ਼ਿਆਰਪੁਰ, ਜਿਸ ਦੀ ਐਡਵਰਡ ਆਈਸਲੈਂਡ, ਕਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹੈਲਪਿੰਗ ਹੈਪਲੈਸ ਸੰਸਥਾ ਦੀ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਉਸ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਇਸ ਸੰਬੰਧੀ ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਜਦੋਂ ਇਹ ਕੇਸ ਉਹਨਾਂ ਦੀ ਸੰਸਥਾ ਕੋਲ ਆਇਆ ਤਾਂ ਪਰਿਵਾਰ ਦੇ ਹਾਲਾਤ ਦੇਖ ਕੇ ਹਿਰਦਾ ਵਿਲਕ ਉੱਠਿਆ। 
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਰਿਵਾਰ ਦੀ ਵਿੱਤੀ ਮਦਦ ਵੀ ਕੀਤੀ ਅਤੇ ਮ੍ਰਿਤਕ ਦੀ ਦੇਹ ਨੂੰ ਲਿਆਉਣ ਲਈ ਆਪਣਾ ਯੋਗਦਾਨ ਵੀ ਪਾਇਆ। ਉਹਨਾਂ ਕਿਹਾ ਕਿ ਕਿਸਮਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਪੰਜਾਬ ਦੇ ਹਾਲਾਤ ਬੱਦ ਤੋਂ ਬਹੁੱਤਰ ਹਨ ਅਤੇ ਬੇਰੋਜ਼ਗਾਰੀ ਦੇ ਝੰਬੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤਾਂ ਕਰਨ ਲਈ ਮਜਬੂਰ ਹਨ। ਇਸ ਦੌਰਾਨ ਜਦੋਂ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਦੋਂ ਮਾਂ-ਪਿਉ ਆਪਣੇ ਪੁੱਤਰਾਂ ਦੇ ਆਖਰੀ ਦਰਸ਼ਨਾਂ ਨੂੰ ਵੀ ਤਰਸਦੇ ਹਨ। 
ਉਹਨਾਂ ਕਿਹਾ ਕਿ ਜੇਕਰ ਆਪਣੇ ਦੇਸ਼ ਵਿੱਚ ਰੁਜ਼ਗਾਰ ਹੋਵੇ ਤਾਂ ਕੋਈ ਆਪਣੇ ਇਕਲੌਤੇ ਪੁੱਤਰ ਨੂੰ ਬਾਹਰ ਨਹੀਂ ਭੇਜਦਾ, ਪਰ ਸਰਕਾਰਾਂ ਬੇਰੁਜ਼ਗਾਰੀ ਦੀ ਅਲਾਮਤ ਬਾਰੇ ਕਦੇ ਵੀ ਸੰਜੀਦਾ ਨਹੀਂ ਹੋਈਆਂ ਅਤੇ ਮੌਜੂਦਾ ਸਰਕਾਰ ਬਿਲਕੁਲ ਹੀ ਇਸ ਪਾਸੇ ਧਿਆਨ ਨਹੀਂ ਦੇ ਰਹੀ।