ਸਿੱਖ ਧਰਮ ਦੀ ਮਾਨਤਾ ਤੇ ਕਪਿਲ ਵਿਜ ਵੱਲੋਂ ਕੀਤੀ ਟਿੱਪਣੀ ਤੇ ਸਿੱਖ ਸਮਾਜ ਵਿਚ ਭਾਰੀ ਰੋਸ
ਅੰਬਾਲਾ, 14 ਮਈ- ਕੈਬਿਨੇਟ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਵੱਲੋਂ ਫੇਸ ਬੁੱਕ 'ਤੇ ਸਿੱਖ ਧਰਮ ਬਾਰੇ ਕੀਤੀ ਟਿੱਪਣੀ 'ਹਨੂਮਾਨ ਕਾ ਖ਼ਾਲਸਾ ਹਨੂਮਾਨ ਕੀ ਫ਼ਤਿਹ' ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਨੇਲੋ ਪਾਰਟੀ ਦੇ ਸੂਬਾ ਬੁਲਾਰੇ ਓਂਕਾਰ ਸਿੰਘ ਨੇ ਅੱਜ ਇੱਥੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੰਬਾਲਾ ਛਾਉਣੀ ਤੋਂ ਸੱਤ ਵਾਰ ਵਿਧਾਇਕ ਅਤੇ ਹਰਿਆਣਾ ਸਰਕਾਰ ਵਿਚ ਕੈਬਿਨੇਟ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਨੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਡੂੰਘੀ ਸੱਟ ਮਾਰੀ ਹੈ ਜਿਸ ਨੇ ਸਿੱਖਾਂ ਵਿਚ ਵਿਆਪਕ ਰੋਸ ਪੈਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਪੈਰੋਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ, ਕਿਸੇ ਦਾ ਅਪਮਾਨ ਨਹੀਂ ਕਰਦੇ ਅਤੇ ਨਾ ਹੀ ਆਪਣੇ ਧਰਮ ਸਬੰਧੀ ਕਿਸੇ ਵੀ ਗਲਤ ਜਾਣਕਾਰੀ ਨੂੰ ਬਰਦਾਸ਼ਤ ਕਰਦੇ ਹਨ। ਫੇਸ ਬੁੱਕ ਪੋਸਟ ਵਿੱਚ "ਖ਼ਾਲਸਾ" ਅਤੇ "ਫ਼ਤਿਹ" ਵਰਗੇ ਪਵਿੱਤਰ ਸਿੱਖ ਧਾਰਮਿਕ ਸ਼ਬਦਾਂ ਦੀ ਵਰਤੋਂ ਬਹੁਤ ਹੀ ਇਤਰਾਜ਼ਯੋਗ, ਨਿੰਦਣਯੋਗ ਅਤੇ ਮੰਦਭਾਗੀ ਹੈ। ਉਂਕਾਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ਸਿਰਫ਼ ਇੱਕ ਸੰਬੋਧਨ ਹੀ ਹੈ ਸਗੋਂ ਗੁਰੂ ਸਾਹਿਬਾਨ ਦੁਆਰਾ ਦਰਸਾਈ ਗਈ ਪਵਿੱਤਰ ਧਾਰਮਿਕ ਪਰੰਪਰਾ, ਵਿਸ਼ਵਾਸ ਅਤੇ ਮਾਣ ਦਾ ਪ੍ਰਤੀਕ ਹੈ।
"ਖ਼ਾਲਸਾ" ਨੂੰ ਅਕਾਲ ਪੁਰਖ ਦੀ ਫੌਜ ਮੰਨਿਆ ਜਾਂਦਾ ਹੈ, ਜਿਸ ਦੀ ਸਥਾਪਨਾ ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਮਨੁੱਖਤਾ, ਨਿਆਂ ਅਤੇ ਧਰਮ ਦੀ ਰੱਖਿਆ ਲਈ ਕੀਤੀ ਗਈ ਸੀ। ਧਾਰਮਿਕ ਗਿਆਨ ਤੋਂ ਬਿਨਾਂ ਰਾਜਨੀਤਿਕ ਜਾਂ ਨਿੱਜੀ ਉਦੇਸ਼ਾਂ ਲਈ ਅਜਿਹੇ ਪਵਿੱਤਰ ਸ਼ਬਦਾਂ ਦੀ ਵਰਤੋਂ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਕਪਿਲ ਵਿਜ ਦੀ ਪੋਸਟ ਨੇ ਸਿੱਖ ਪੈਰੋਕਾਰਾਂ ਵਿੱਚ ਵਿਆਪਕ ਗੁੱਸਾ ਅਤੇ ਨਾਰਾਜ਼ਗੀ ਪੈਦਾ ਕੀਤੀ ਹੈ।
ਸਿੱਖ ਭਾਈਚਾਰਾ ਕਿਸੇ ਵੀ ਕੀਮਤ 'ਤੇ ਆਪਣੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਵੀ ਦਖ਼ਲਅੰਦਾਜ਼ੀ, ਵਿਗਾੜ ਜਾਂ ਮਜ਼ਾਕ ਨੂੰ ਬਰਦਾਸ਼ਤ ਨਹੀਂ ਕਰੇਗਾ। ਲੋਕਤੰਤਰ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਪਰ ਬਦਕਿਸਮਤੀ ਨਾਲ ਜ਼ਿੰਮੇਵਾਰ ਰਾਜਨੀਤਿਕ ਪਰਿਵਾਰਾਂ ਨਾਲ ਜੁੜੇ ਵਿਅਕਤੀ ਧਾਰਮਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਹ ਸਿਰਫ਼ ਇੱਕ ਸੋਸ਼ਲ ਮੀਡੀਆ ਪੋਸਟ ਦਾ ਮਾਮਲਾ ਨਹੀਂ ਹੈ ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜ ਵਿੱਚ ਬੇਲੋੜਾ ਵਿਵਾਦ ਪੈਦਾ ਕਰਨ ਦਾ ਗੰਭੀਰ ਮਾਮਲਾ ਹੈ। ਅਜਿਹੇ ਗੈਰ-ਜ਼ਿੰਮੇਵਾਰਾਨਾ ਕੰਮ ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਨੂੰ ਕਮਜ਼ੋਰ ਕਰਦੇ ਹਨ।
ਜੇਕਰ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਧਾਰਮਿਕ ਤਣਾਅ ਵਧ ਸਕਦਾ ਹੈ।ਪੁਲੀਸ ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਕਪਿਲ ਵਿਜ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 295 ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਿਤ ਹੋਰ ਢੁਕਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਪ੍ਰਭਾਵਸ਼ਾਲੀ ਵਿਅਕਤੀ ਨੂੰ ਧਾਰਮਿਕ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਇਸ ਸਬੰਧ ਵਿੱਚ ਇੱਕ ਸਿੱਖ ਵਫ਼ਦ ਜਲਦੀ ਹੀ ਅੰਬਾਲਾ ਦੇ ਪੁਲੀਸ ਸੁਪਰਡੈਂਟ ਨੂੰ ਮਿਲੇਗਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਸਮਾਜ ਵਿੱਚ ਦੁਸ਼ਮਣੀ ਫੈਲਾਉਣ ਅਤੇ ਸਿੱਖ ਧਰਮ ਦੀ ਸ਼ਾਨ ਦਾ ਅਪਮਾਨ ਕਰਨ ਲਈ ਕਪਿਲ ਵਿਜ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰੇਗਾ। ਸਿੱਖ ਭਾਈਚਾਰਾ ਮੰਗ ਕਰਦਾ ਹੈ ਕਿ ਪੁਲੀਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕਰੇ।
