ਜ਼ਿੰਦਗੀ ਵਿੱਚ ਅੱਗੇ ਵਧਣ ਲਈ ਤੰਦਰੁਸਤੀ ਜਰੂਰੀ ਹੈ :- ਚਮਨ ਸਿੰਘ

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੜੋਆ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਰਿਤੂ (ਕਾਰਜਕਾਰੀਪ੍ਰਿੰਸੀਪਲ) ਵਲੋਂ ਕੀਤੀ ਗਈ ।
ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਸਥਾਪਨਾ ਬਾਰੇ ਦੱਸਿਆ। ਇਸ ਮੌਕੇ ਉਨਾਂ ਨੇ ਦੱਸਿਆ ਕਿ ਅੱਜ ਸਕੂਲਾਂ ਦੇ ਵਿਦਿਆਰਥੀ ਵੀ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ। 
ਉਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਘੱਟ ਜਾਣਕਾਰੀ ਹੋਣ ਕਰਕੇ ਛੋਟੀ ਉਮਰ ਵਿੱਚ ਹੀ ਬੱਚੇ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ। ਹੌਲੀ ਹੌਲੀ ਬੱਚੇ ਵੱਡੇ ਨਸ਼ੇ ਜਿਵੇਂ ਹੈਰੋਇਨ ਵਰਗੇ ਨਸ਼ਿਆਂ ਦੇ ਆਦੀ ਹੋ ਰਹੇ ਹਨ। ਇਸ ਕਰਕੇ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਬਹੁਤ  ਜਰੂਰੀ ਹੈ। ਕਈ ਵਾਰ ਬੱਚਿਆਂ ਨੂੰ ਕੋਈ ਸਮੱਸਿਆ ਆਉਦੀ ਹੈ ਤਾਂ ਉਹ ਕਿਸੇ ਦੇ ਕਹਿਣੇ ਵਿੱਚ ਆ ਕੇ ਨਸ਼ੇ ਦੀ ਦਲਦਲ ਵਿੱਚ ਫਸ ਜਾਦੇ ਹਨ।  
ਉਨਾ ਨੇ ਨਸ਼ੇ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਵੀ ਵਿਸਥਾਰਪੂਰਵਕ ਦੱਸਿਆ। ਉਨਾ ਨੇ ਕਿਹਾ ਕਿ ਹਰ ਪਰਿਵਾਰ ਪੰਜਾਬ  ਹੈ, ਜੇਕਰ ਅਸੀ ਆਪਣੇ ਘਰ ਨੂੰ ਨਸ਼ਾ ਮੁਕਤ ਬਣਾ ਲਈਏ ਤਾਂ ਅਸੀ ਪੰਜਾਬ ਅਤੇ ਦੇਸ਼ ਨੂੰ ਵੀ ਨਸ਼ਾ ਮੁਕਤ ਬਣਾ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆ ਨੂੰ ਆਪਣਾ ਬਣਦਾ ਯੋਗਦਾਨ ਪਾ ਕੇ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਜੀਵਨ ਵਿੱਚ ਬਹੁਤ ਸਮੱਸਿਆਵਾਂ ਆਉਦੀਆਂ ਹਨ, ਪਰ ਨਸ਼ਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। 
ਜੇਕਰ ਕੋਈ ਵੀ ਵਿਅਕਤੀ ਨਸ਼ੇ ਕਰਨ ਦੀ ਪੇਸ਼ਕਸ਼ ਕਰਦਾ ਹੈ, ਤਾਂ ਤੁਸੀ ਇਸ ਦੀ ਸ਼ਿਕਾਇਤ ਪੁਲਿਸ ਵਿਭਾਗ ਕੋਲ ਕਰ ਸਕਦੇ‌ ਹੋ ਜਿਸ ਦੀ ਸੂਚਨਾ ਬਿਲਕੁੱਲ ਗੁਪਤ ਰੱਖੀ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਮਹਾਨ ਯੋਧੇ ਅਤੇ ਗੁਰੂਆਂ , ਪੀਰਾਂ ਦੀ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਜਿਨਾਂ ਨੇ ਇਸ ਦੇਸ਼, ਕੌਮ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਸਾਨੂੰ ਆਪਣਾ ਮਾਨਸਿਕ ਪੱਧਰ ਮਜਬੂਤ ਕਰਨਾ ਹੋਵੇਗਾ ਤਾਂ ਹੀ ਅਸੀ ਨਸ਼ੇ ਵਰਗੀਆਂ ਬੁਰਾਈਆਂ ਤੋਂ ਬਚ ਸਕਦੇ ਹਾਂ।
ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ ,ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ।
ਇਸ ਮੌਕੇ ਤੇ ਸ਼੍ਰੀ ਜੁਝਾਰ ਸਿੰਘ(ਅਧਿਆਪਕ) ਨੇ ਸਟੇਜ ਨੂੰ ਬਾਖੂਬੀ ਨਿਭਾਇਆ ਅਤੇ ਉਨਾ ਨੇ ਵੀ ਨਸ਼ੇ ਦੇ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਸਾਨੂੰ ਟੀਮ ਵਲੋਂ ਦਿੱਤੇ ਸੁਝਾਅ ਨੂੰ ਜਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਤੇ  ਸਕੂਲ ਸਟਾਫ ਮੈਂਬਰ ਸੋਨੀ, ਭਾਵਨਾ, ਕੁਲਵਿੰਦਰ ਕੌਰ, ਸੁਰਿੰਦਰ ਪਾਲ ਸਿੰਘ, ਨਰਿੰਜਨਜੋਤ ਸਿੰਘ, ਵਿਜੇ ਕੁਮਾਰ ਅਤੇ ਸਕੂਲ ਦੇ ਵਿਦਿਆਰਥੀ ਹਾਜਿਰ ਸਨ।