ਸਿਹਤ ਵਿਭਾਗ ਵੱਲੋਂ ਮੈਟਰਨਲ ਡੈਥ ਰੀਵਿਊ ਮੀਟਿੰਗ ਆਯੋਜਿਤ

ਹੁਸ਼ਿਆਰਪੁਰ:- ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਮਹਿਲਾਵਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਮਾਤਰੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਅੱਜ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਪ੍ਰਧਾਨਗੀ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਹਾਰਟਾ ਬਡਲਾ ਦੇ ਪਿੰਡ ਅਜੜਾਮ ਦੀ ਮਾਤਰੀ ਮੌਤ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। 
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੋਕਣ ਲਈ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਸਾਰੇ ਲੋੜੀਂਦੇ ਟੈਸਟ ਨਿਰਧਾਰਿਤ ਸਮੇਂ ਅੰਦਰ ਕਰਵਾਏ ਜਾਣ ਅਤੇ ਜਰੂਰਤ ਅਨੁਸਾਰ ਉਚਿਤ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਹੀਨੇ ਦੌਰਾਨ ਜਣੇਪੇ ਵਾਲੀਆਂ ਗਰਭਵਤੀ ਔਰਤਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਾਵੇ ਅਤੇ ਆਸ਼ਾ ਵਰਕਰਾਂ ਅਤੇ ਏਐਨਐਮ ਵੱਲੋਂ ਉਨ੍ਹਾਂ ਦੀ ਨਿਰੰਤਰ ਫਾਲੋਅਪ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ। 
ਸਿਵਲ ਸਰਜਨ ਨੇ ਸਮੂਹ ਮੈਡੀਕਲ ਅਫਸਰਾਂ ਤੇ ਫੀਲਡ ਸਟਾਫ਼ ਨੂੰ ਹਿਦਾਇਤ ਕੀਤੀ ਕਿ ਗਰਭਵਤੀ ਔਰਤਾਂ ਵਿਚ ਖੂਨ ਦੀ ਘਾਟ ਨਾ ਆਉਣ ਦਿੱਤੀ ਜਾਵੇ,ਇਸਦੇ ਲਈ ਏਐਨਐਮਜ਼ ਵਲੋਂ ਆਇਰਨ ਤੇ ਫੋਲਿਕ ਐਸਿਡ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਇਸ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਪੋਸਟ ਮਾਰਟਮ ਹੈਮਰੇਜ ਮੌਤਾਂ ਨੂੰ ਕਾਫੀ ਹੱਦ ਤਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰ ਗਰਭਵਤੀ ਔਰਤ ਦੀ ਘਰ ਵਿੱਚ ਡਿਲਿਵਰੀ ਨਾ ਹੋਵੇ ਅਤੇ ਸਾਰੀਆਂ ਡਿਲਿਵਰੀਆਂ 100 ਫੀਸਦੀ ਸੰਸਥਾਗਤ ਤੌਰ ‘ਤੇ ਹੀ ਕਰਵਾਈਆਂ ਜਾਣ।