ਸਿਹਤ ਵਿਭਾਗ ਵੱਲੋਂ ਮੁਹੱਲਾ ਨੀਲ ਕੰਠ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
ਹੁਸ਼ਿਆਰਪੁਰ:- ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕਾਰਜਕਾਰੀ ਸਿਵਲ ਸਰਜਨ ਕਮ ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋਜੈਕਟ ਰੀ-ਪ੍ਰੋਡਕਟਿਵ ਐਂਡ ਚਾਇਲਡ ਹੈਲਥ (RCH) ਅਧੀਨ ਮੁਹੱਲਾ ਨੀਲ ਕੰਠ, ਹੁਸ਼ਿਆਰਪੁਰ ਵਿੱਚ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ SOSVA-(N), ਪੰਜਾਬ ਦੇ ਤਹਿਤ ਚਲ ਰਹੀ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਸਿਹਤ ਸੰਬੰਧੀ ਸੂਝ-ਬੂਝ ਵਧਾਉਣਾ ਅਤੇ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ, ਪਰਮਜੀਤ ਕੌਰ ਏ.ਐਨ.ਐਮ., ਗੁਰਵਿੰਦਰ ਕੌਰ ਏ.ਐਨ.ਐਮ., ਸੁਨੀਤਾ ਦੇਵੀ ਆਸ਼ਾ ਵਰਕਰ ਅਤੇ ਨਿਰਮਲਾ ਦੇਵੀ ਆਂਗਨਵਾੜੀ ਵਰਕਰ ਨੇ ਸਰਗਰਮ ਭਾਗੀਦਾਰੀ ਨਿਭਾਈ। ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਵੱਲੋਂ ਮੁੱਖ ਸਲਾਹਕਾਰ ਸ਼੍ਰੀ ਅਮਰਜੀਤ ਹਮਰੋਲ, ਜੋਤੀ ਪੁਰੀ ਏ.ਐਨ.ਐਮ. ਅਤੇ ਨੀਤੂ ਕੌਰ ਜੀ.ਐਨ.ਐਮ. ਨੇ ਵੀ ਕੈਂਪ ਵਿੱਚ ਹਾਜ਼ਰੀ ਭਰੀ ਅਤੇ ਮਹਿਲਾਵਾਂ ਨੂੰ ਸਿਹਤ ਸਬੰਧੀ ਜਰੂਰੀ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਨੂੰ ਸਿਹਤ ਸੰਬੰਧੀ ਅਨੇਕਾਂ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਡਾ. ਰਣਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਨਿਯਮਤ ਸਿਹਤ ਜਾਂਚ, ਪੂਰਨ ਟੀਕਾਕਰਨ ਅਤੇ ਸੰਤੁਲਿਤ ਪੋਸ਼ਣ ਨਾਲ ਨਾ ਸਿਰਫ ਮਾਂ ਦੀ ਸਿਹਤ ਬਹਾਲ ਰਹਿੰਦੀ ਹੈ, ਸਗੋਂ ਨਵਜਾਤ ਸ਼ਿਸ਼ੂ ਦਾ ਭਵਿੱਖ ਵੀ ਸੁਨਿਹਰਾ ਬਣਦਾ ਹੈ।
ਉਨ੍ਹਾਂ ਲੋਕਾਂ ਨੂੰ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ ਵੱਲੋਂ ਮਾਵਾਂ ਨੂੰ ਜਨਮ ਤੋਂ ਬਾਅਦ ਪਹਿਲੇ ਛੇ ਮਹੀਨੇ ਤੱਕ ਸਿਰਫ ਮਾਂ ਦੇ ਦੁੱਧ ਦੀ ਮਹੱਤਤਾ, ਛੇ ਮਹੀਨੇ ਬਾਅਦ ਬੱਚਿਆਂ ਨੂੰ ਉਮਰ ਅਨੁਸਾਰ ਪੂਰਕ ਅਤੇ ਪੋਸ਼ਣਯੁਕਤ ਖੁਰਾਕ ਦੇਣ, ਬੱਚਿਆਂ ਦੀ ਸਹੀ ਦੇਖਭਾਲ, ਅਨੀਮੀਆ ਤੋਂ ਬਚਾਅ ਲਈ ਆਇਰਨਯੁਕਤ ਪਦਾਰਥਾਂ ਦੀ ਵਰਤੋਂ, ਸੰਤੁਲਿਤ ਆਹਾਰ, ਸਮੇਂ-ਸਿਰ ਟੀਕਾਕਰਨ ਅਤੇ ਸੁਰੱਖਿਅਤ ਸੰਸਥਾਗਤ ਡਿਲੀਵਰੀਆਂ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਮਹਿਲਾਵਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਵੱਲੋਂ ਸੰਤੋਸ਼ਜਨਕ ਅਤੇ ਵਿਸਥਾਰਪੂਰਵਕ ਜਵਾਬ ਦਿੱਤੇ ਗਏ। ਉਨ੍ਹਾਂ ਨੂੰ ਨਿਯਮਤ ਸਿਹਤ ਜਾਂਚ ਕਰਵਾਉਣ, ਟੀਕਾਕਰਨ ਕਾਰਡ ਅਪਡੇਟ ਰੱਖਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਅਤ ਡਿਲੀਵਰੀ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
