ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਤੋਂ ਬਚਾਅ ਲਈ ਸੁਝਾਅ ਅਤੇ ਦਿਸ਼ਾਨਿਰਦੇਸ਼ ਜਾਰੀ
ਹੁਸ਼ਿਆਰਪੁਰ:- ਲਗਾਤਾਰ ਵੱਧ ਰਹੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇ ਕਾਰਨ ਲੋਕਾਂ ਦੇ ਲੰਬੇ ਸਮੇਂ ਤੱਕ ਠੰਡ ਦੇ ਸੰਪਰਕ ਵਿੱਚ ਰਹਿਣ ਨਾਲ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫ੍ਰੋਸਟਬਾਈਟ ਆਦਿ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਐਡਵਾਈਜ਼ਰੀ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਆਉਣ ਵਾਲੀ ਸ਼ੀਤ ਲਹਿਰ ਦੌਰਾਨ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੈਦਾਨੀ ਖੇਤਰਾਂ ਵਿੱਚ ਜਦੋਂ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਅਤੇ ਪਹਾੜੀ ਖੇਤਰਾਂ ਵਿੱਚ 0 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਹੋ ਜਾਵੇ ਤਾਂ ਉਸਨੂੰ ਸ਼ੀਤ ਲਹਿਰ ਮੰਨਿਆ ਜਾਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਫਲੂ ਅਤੇ ਨੱਕ ਵਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸ਼ੀਤ ਲਹਿਰ ਦੌਰਾਨ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹੋ ਅਤੇ ਠੰਡੀ ਹਵਾ ਦੇ ਸੰਪਰਕ ਤੋਂ ਬਚਣ ਲਈ ਯਾਤਰਾ ਘੱਟ ਤੋਂ ਘੱਟ ਕਰੋ।ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਸਿਹਤਮੰਦ ਅਤੇ ਪੋਸ਼ਟਿਕ ਭੋਜਨ ਖਾਓ।
ਵਿਟਾਮਿਨ ਸੀ ਨਾਲ ਭਰਪੂਰ ਫਲ, ਸ਼ਹਿਦ, ਗੁੜ ਅਤੇ ਮੌਸਮੀ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਗਈ। ਗਰਮ ਤਰਲ ਪਦਾਰਥ ਨਿਯਮਿਤ ਤੌਰ ‘ਤੇ ਪੀਓ ਤਾਂ ਜੋ ਸਰੀਰ ਦੀ ਗਰਮੀ ਬਣੀ ਰਹੇ। ਸ਼ਰਾਬ ਦਾ ਸੇਵਨ ਕਰਨ ਤੋਂ ਬਚੋ, ਕਿਉਂਕਿ ਇਹ ਸਰੀਰ ਦਾ ਤਾਪਮਾਨ ਘਟਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਉਂਗਲਾਂ, ਪੈਰਾਂ ਦੀਆਂ ਉਂਗਲਾਂ, ਕੰਨਾਂ ਦੀਆਂ ਲੋਬਾਂ ਜਾਂ ਨੱਕ ਦੇ ਸਿਰੇ ‘ਤੇ ਸੁੰਨਪਨ, ਚਿੱਟਾਪਣ ਜਾਂ ਫਿੱਕੀ ਦਿੱਖ ਨਜ਼ਰ ਆਵੇ ਤਾਂ ਇਸਨੂੰ ਅਣਡਿੱਠਾ ਨਾ ਕੀਤਾ ਜਾਵੇ। ਠੰਡ ਨਾਲ ਪ੍ਰਭਾਵਿਤ ਅੰਗਾਂ ਨੂੰ ਕੋਸੇ (ਬਹੁਤ ਗਰਮ ਨਹੀਂ) ਪਾਣੀ ਨਾਲ ਸੇਕ ਦਿਓ।
