ਹੌਲਦਾਰ ਕਤਲ ਕਾਂਡ ਪਟਿਆਲਾ ਪੁਲਿਸ ਨੇ 36 ਘੰਟਿਆਂ ਵਿੱਚ ਸਾਰੇ ਦੋਸ਼ੀ ਕੀਤੇ ਗ੍ਰਿਫ਼ਤਾਰ

ਪਟਿਆਲਾ, 28 ਜਨਵਰੀ:- ਨਾਭਾ ਦੇ ਮੈਹਸ ਗੇਟ ਵਿਖੇ ਪੰਜਾਬ ਪੁਲਿਸ ਦੇ ਹੌਲਦਾਰ ਅਮਨਦੀਪ ਸਿੰਘ ਮਾਮੂਰਾ ਦੇ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਪਟਿਆਲਾ ਪੁਲਿਸ ਨੇ ਵਾਰਦਾਤ ਤੋਂ 36 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਇੱਥੇ ਮੀਡੀਆ ਨਾਲ ਸਾਂਝੀ ਕਰਦਿਆਂ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਮਗਰੋਂ ਗੁਰਬੰਸ ਸਿੰਘ ਬੈਂਸ ਐਸ.ਪੀ (ਡੀ) ਪਟਿਆਲਾ,  ਜਸਬੀਰ ਸਿੰਘ ਕਪਤਾਨ ਪੁਲਿਸ ਸਪੈਸਲ ਬ੍ਰਾਂਚ ਪਟਿਆਲਾ,  ਗੁਰਿੰਦਰ ਸਿੰਘ ਬੱਲ ਡੀ.ਐਸ.ਪੀ. ਨਾਭਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆ ਸਨ। 
ਇੰਸਪੈਕਟਰ ਸੌਰਭ ਸੱਭਰਵਾਲ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ, ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀ.ਆਈ.ਏ. ਸਮਾਣਾ ਦੀ ਸਰਪ੍ਰਸਤੀ ਹੇਠ ਟੀਮਾਂ ਵੱਲੋਂ ਦੋਸ਼ੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਸਨ।  ਐਸ ਐਸ ਪੀ ਨੇ ਦੱਸਿਆ ਹੈ ਗ੍ਰਿਫ਼ਤਾਰ ਕੀਤੇ ਗਏ ਮੁੱਖ ਦੋਸ਼ੀਆਂ ਵਿੱਚ ਅਸੀਸ ਉਰਫ਼ ਆਸੀ, ਅਮਿਤ ਉਰਫ਼ ਰਿੱਕੀ, ਸੌਰਵ ਕੁਮਾਰ ਤੇ ਰਾਹੁਲ ਭਾਰਦਵਾਜ ਸ਼ਾਮਲ ਹਨ। ਹੋਰਨਾਂ ਦੋਸ਼ੀਆਂ ਵਿੱਚ ਦੋ ਜੁਵੇਨਾਇਲ ਵੀ ਹਨ। 
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਐਸ ਐਸ ਪੀ ਨੇ ਹੋਰ ਦੱਸਿਆ ਕਿ ਵਾਰਦਾਤ ਵਿੱਚ ਅਮਨਦੀਪ ਸਿੰਘ ਦਾ ਭਰਾ ਨਵਦੀਪ ਸਿੰਘ ਜ਼ਖ਼ਮੀਂ ਹੋ ਗਿਆ ਸੀ, ਜਿਸਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
 ਵਰੁਣ ਸ਼ਰਮਾ ਨੇ ਦੱਸਿਆ ਕਿ "ਗੈਂਗਸਟਰਾਂ 'ਤੇ ਵਾਰ" ਮੁਹਿੰਮ ਤਹਿਤ ਹੁਣ ਤਕ 150 ਕ੍ਰਿਮੀਨਲਜ਼ ਕਾਬੂ ਕਰਕੇ ਜੇਲ੍ਹਾਂ ਅੰਦਰ ਡੱਕੇ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਰਾਇਮਪੇਸ਼ਾ ਲੋਕ ਇਹ ਖ਼ਿਆਲ ਆਪਣੇ ਮਨ ਵਿੱਚੋਂ ਕੱਢ ਦੇਣ ਕਿ ਵਾਰਦਾਤ ਕਰਨ ਮਗਰੋਂ ਉਹ ਬਚ ਜਾਣਗੇ।