ਹਰਿਆਣਾ ਦੇ ਉਦਯੋਗਿਕ ਅਦਾਰਿਆਂ ਵਿੱਚ ਰੋਜ਼ਾਨਾ ਹੋਵੇਗਾ 5 ਮਿੰਟ ਦਾ ਯੋਗਾ ਬ੍ਰੇਕ
ਚੰਡੀਗੜ੍ਹ, 17 ਅਗਸਤ:- ਹਰਿਆਣਾ ਸਰਕਾਰ ਨੇ ਸੂਬੇ ਦੇ ਹਰ ਉਦਯੋਗਿਕ ਅਦਾਰੇ ਵਿੱਚ ਰੋਜ਼ਾਨਾ ਪੰਜ ਮਿੰਟ ਦਾ ‘ਵਾਈ-ਬ੍ਰੇਕ’ (ਕੰਮ ਵਾਲੀ ਥਾਂ 'ਤੇ ਯੋਗਾ ਬ੍ਰੇਕ) ਯਕੀਨੀ ਬਣਾਉਣ ਲਈ ਸਮਾਂਬੱਧ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਤਹਿਤ ਹਰ ਉਦਯੋਗਿਕ ਇਕਾਈ ਵਿੱਚ ਯੋਗਾ ਕੈਂਪ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ ਅਤੇ ਇੱਕ ਮਹੀਨੇ ਦੇ ਅੰਦਰ ਹਰ 50 ਕਰਮਚਾਰੀਆਂ ਪਿੱਛੇ ਘੱਟੋ-ਘੱਟ ਇੱਕ ਕਰਮਚਾਰੀ ਨੂੰ ਸਿਖਲਾਈ ਦਿੱਤੀ ਜਾਵੇਗੀ, ਜੋ ਕੰਮ ਵਾਲੀ ਥਾਂ 'ਤੇ ਯੋਗਾ ਸੈਸ਼ਨਾਂ ਦਾ ਸੰਚਾਲਨ ਕਰੇਗਾ। ਇਹ ਜਾਣਕਾਰੀ ਆਯੂਸ਼ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਿੱਤੀ।
ਸ਼ਿਫਟਾਂ ਵਿੱਚ ਚੱਲਣ ਵਾਲੀਆਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਨ ਵਾਲੀ ਹਰੇਕ ਸ਼ਿਫਟ ਦੇ 50 ਕਰਮਚਾਰੀਆਂ ਦੇ ਸਮੂਹ 'ਤੇ ਘੱਟੋ-ਘੱਟ ਇੱਕ ਸਿਖਲਾਈ ਪ੍ਰਾਪਤ ਕਰਮਚਾਰੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਨਾਲ ਵੱਖ-ਵੱਖ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਕੰਮ ਵਾਲੀ ਥਾਂ 'ਤੇ ਯੋਗਾ ਦੀ ਸਹੂਲਤ ਯਕੀਨੀ ਬਣਾਈ ਜਾ ਸਕੇਗੀ।
ਇਹ ਪ੍ਰੋਗਰਾਮ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸਾਲ 2026-27 ਦੀ ਬਜਟ ਘੋਸ਼ਣਾ ਦੇ ਅਨੁਰੂਪ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਹਰਿਆਣਾ ਦੇ ਸਾਰੇ ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਰੋਜ਼ਾਨਾ ਪੰਜ ਮਿੰਟ ਦੇ ‘ਵਾਈ-ਬ੍ਰੇਕ’ ਦੀ ਵਿਵਸਥਾ ਕੀਤੀ ਗਈ ਸੀ।
ਆਯੁਸ਼ ਵਿਭਾਗ ਨੇ ਉਦਯੋਗ ਅਤੇ ਵਣਜ ਵਿਭਾਗ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਸਾਰੇ ਉਦਯੋਗਿਕ ਅਦਾਰਿਆਂ ਅਤੇ ਉਦਯੋਗਿਕ ਸੰਘਾਂ ਤੱਕ ਇਸ ਐਡਵਾਈਜ਼ਰੀ ਨੂੰ ਪਹੁੰਚਾਉਣ ਅਤੇ ਨਿਰਧਾਰਤ ਮਾਨਕ ਸੰਚਾਲਨ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ ਇਸਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਾ. ਮਿਸ਼ਰਾ ਨੇ ਦੱਸਿਆ ਕਿ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ (GM-DIC) ਦੇ ਮਹਾਪ੍ਰਬੰਧਕ, ਜ਼ਿਲ੍ਹਾ ਆਯੁਰਵੇਦ ਅਧਿਕਾਰੀ ਨਾਲ ਤਾਲਮੇਲ ਕਰਕੇ ਯੋਗਾ ਕੈਂਪਾਂ ਅਤੇ ਸਿਖਲਾਈ ਸੈਸ਼ਨਾਂ ਦਾ ਪ੍ਰੋਗਰਾਮ ਤਿਆਰ ਕਰਨਗੇ।
ਇਸ ਤਾਲਮੇਲ ਵਾਲੇ ਯਤਨ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲ੍ਹੇ ਦੀ ਹਰੇਕ ਉਦਯੋਗਿਕ ਇਕਾਈ ਨੂੰ ਇਸ ਪ੍ਰੋਗਰਾਮ ਦਾ ਲਾਭ ਮਿਲੇ। ਯੋਗਾ ਸਹਾਇਕਾਂ ਦੀ ਅਗਵਾਈ ਹੇਠ ਇੱਕ ਮਹੀਨੇ ਦੇ ਅੰਦਰ ਹਰੇਕ ਉਦਯੋਗਿਕ ਇਕਾਈ ਦੁਆਰਾ ਇੱਕ ਜਾਂ ਦੋ ਕਰਮਚਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਨਾਲ ਹਰ 50 ਕਰਮਚਾਰੀਆਂ ਪਿੱਛੇ ਘੱਟੋ-ਘੱਟ ਇੱਕ ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰ ਉਪਲਬਧ ਹੋਵੇਗਾ, ਜੋ ਆਪਣੇ ਕੰਮ ਵਾਲੀ ਥਾਂ 'ਤੇ ‘ਵਾਈ-ਬ੍ਰੇਕ’ ਸੈਸ਼ਨਾਂ ਦਾ ਸੰਚਾਲਨ ਕਰੇਗਾ।
ਐਡਵਾਈਜ਼ਰੀ ਤਹਿਤ ਉਦਯੋਗ ਅਤੇ ਵਣਜ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਆਪਣੀ ਮਰਜ਼ੀ ਨਾਲ ਕੰਮ ਦੇ ਸਮံ ਦੌਰਾਨ ਪੰਜ ਮਿੰਟ ਦਾ ‘ਵਾਈ-ਬ੍ਰੇਕ’ ਅਪਣਾਉਣ ਅਤੇ ਇਸਦਾ ਅਭਿਆਸ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਪਹਿਲਕਦਮੀ ਦਾ ਉਦੇਸ਼ ਕਰਮਚਾਰੀਆਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਬਿਹਤਰ ਬਣਾਉਣਾ ਅਤੇ ਵਧੇਰੇ ਸਿਹਤਮੰਦ, ਉਤਪਾਦਕ ਅਤੇ ਤਣਾਅ-ਮੁਕਤ ਕੰਮ ਦਾ ਮਾਹੌਲ ਤਿਆਰ ਕਰਨਾ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ ‘ਵਾਈ-ਬ੍ਰੇਕ’ ਪ੍ਰੋਟੋਕੋਲ ਵਿਗਿਆਨਕ ਤੌਰ 'ਤੇ ਤਿਆਰ ਕੀਤੀ ਗਈ ਇੱਕ ਸਰਲ ਰੁਟੀਨ ਹੈ, ਜਿਸ ਵਿੱਚ ਆਸਾਨ ਯੋਗਾਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਤਕਨੀਕਾਂ ਸ਼ਾਮਲ ਹਨ। ਇਸਦਾ ਅਭਿਆਸ ਕੰਮ ਵਾਲੀ ਥਾਂ 'ਤੇ ਬਿਨਾਂ ਕਿਸੇ ਖਾਸ ਉਪਕਰਣ ਜਾਂ ਬੁਨਿਆਦੀ ਢਾਂਚੇ ਦੇ ਕੀਤਾ ਜਾ ਸਕਦਾ ਹੈ। ਆਯੁਸ਼ ਮੰਤਰਾਲੇ ਦੁਆਰ ਤਿਆਰ ਇਹ ਪ੍ਰੋਟੋਕੋਲ ਕਰਮਚਾਰੀਆਂ ਨੂੰ ਤਣਾਅ-ਮੁਕਤ ਕਰਨ, ਊਰਜਾ ਮੁੜ ਪ੍ਰਾਪਤ ਕਰਨ ਅਤੇ ਇਕਾਗਰਤਾ ਵਧਾਉਣ ਵਿੱਚ ਮਦਦ ਕਰਨ ਦੇ ਨਾਲ-ਨਾਲ ਕੰਮ ਵਾਲੀ ਥਾਂ ਦੀ ਕੁਸ਼ਲਤਾ, ਉਤਪਾਦਕਤਾ ਅਤੇ ਸਮੁੱਚੀ ਸਿਹਤ ਅਤੇ ਭਲਾਈ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
**ਅਧਿਕਾਰਤ ਐਪ ਅਤੇ ਵੀਡੀਓ ਦੀ ਕੀਤੀ ਜਾਵੇਗੀ ਵਰਤੋਂ
ਐਡਵਾਈਜ਼ਰੀ ਵਿੱਚ ਕਰਮਚਾਰੀਆਂ ਲਈ ਆਯੁਸ਼ ਮੰਤਰਾਲੇ ਦੇ ‘ਵਾਈ-ਬ੍ਰੇਕ’ ਪ੍ਰੋਟੋਕੋਲ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਨੂੰ ਨਿਰਧਾਰਤ ਕ੍ਰਮ ਦੇ ਅਨੁਸਾਰ ਇਸਦਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ।
ਕਰਮਚਾਰੀਆਂ ਨੂੰ ਨਿਰਦੇਸ਼ਿਤ ਅਭਿਆਸ ਲਈ ਅਧਿਕਾਰਤ ‘ਵਾਈ-ਬ੍ਰੇਕ’ ਮੋਬਾਈਲ ਐਪਲੀਕੇਸ਼ਨ ਅਤੇ ਸਿਖਲਾਈ ਵੀਡੀਓ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ‘ਵਾਈ-ਬ੍ਰੇਕ’ ਪੁਸਤਕ ਅਤੇ ਵੀਡੀਓ ਸਮੇਤ ਸੰਦਰਭ ਸਮੱਗਰੀ ਆਯੁਸ਼ ਮੰਤਰਾਲੇ/MDNIY ਦੇ ‘ਵਾਈ-ਬ੍ਰੇਕ’ ਸਰੋਤਾਂ ਰਾਹੀਂ ਉਪਲਬਧ ਹੈ।
ਐਡਵਾਈਜ਼ਰੀ ਵਿੱਚ ਨਿਯਮਤ ਯੋਗਾ ਦੇ ਸਿਹਤ ਲਾਭਾਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਕਰਮਚਾਰੀਆਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ‘ਵਾਈ-ਬ੍ਰੇਕ’ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਕਰਮਚਾਰੀਆਂ ਦੀ ਭਾਗੀਦਾਰੀ ਸਵੈ-ਇੱਛੁਕ ਰਹੇਗੀ। ਉਦਯੋਗਿਕ ਇਕਾਈਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪੰਜ ਮਿੰਟ ਦੇ ਯੋਗਾ ਸੈਸ਼ਨ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਹੋਣ ਅਤੇ ਉਨ੍ਹਾਂ ਦੇ ਆਮ ਕੰਮਕਾਜ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ।
ਡਾ. ਮਿਸ਼ਰਾ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਦੀ ਸਾਲ 2026-27 ਦੀ ਬਜਟ ਘੋਸ਼ਣਾ ਦੇ ਪਾਲਣ ਵਿੱਚ ਸ਼ੁਰੂ ਕੀਤੀ ਗਈ ਹੈ। ਉਦਯੋਗ ਅਤੇ ਵਣਜ ਵਿਭਾਗ ਨੂੰ ਇਸ ਪ੍ਰੋਗਰਾਮ ਨੂੰ ਪੂਰੇ ਹਰਿਆਣਾ ਦੇ ਉਦਯੋਗਿਕ ਅਦਾਰਿਆਂ ਅਤੇ ਉਦਯੋਗਿਕ ਸੰਘਾਂ ਤੱਕ ਪਹੁੰਚਾਉਣ ਅਤੇ ਨਿਰਧਾਰਤ SOP ਦੇ ਅਨੁਸਾਰ ਇਸਦਾ ਸਮਾਂਬੱਧ ਅਮਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
