ਹਰਿਆਣਾ ਦੇ ਰਾਜਪਾਲ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਤੇ ਭੇਟ ਕੀਤੀ ਸ਼ਰਧਾਂਜਲੀ
ਚੰਡੀਗੜ੍ਹ, 31 ਜੁਲਾਈ:- ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਅੱਜ ਇੱਥੇ ਲੋਕ ਭਵਨ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਅਟੁੱਟ ਦੇਸ਼ ਭਗਤੀ ਅਤੇ ਮਾਤ ਭੂਮੀ ਲਈ ਦਿੱਤਾ ਗਿਆ ਸਰਵਉੱਚ ਬਲਿਦਾਨ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਅਨਿਆਂ ਅਤੇ ਜ਼ੁਲਮ ਦੇ ਖ਼ਿਲਾਫ਼ ਜਿਸ ਦ੍ਰਿੜ ਸੰਕਲਪ ਅਤੇ ਬਹਾਦਰੀ ਦਾ ਸਬੂਤ ਦਿੱਤਾ, ਉਹ ਭਾਰਤੀ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਸੁਨਹਿਰੀ ਅਖ਼ਰਾਂ ਵਿੱਚ ਦਰਜ ਹੈ।
ਰਾਜਪਾਲ ਨੇ ਕਿਹਾ ਕਿ ਰਾਸ਼ਟਰ ਆਪਣੇ ਅਮਰ ਸ਼ਹੀਦਾਂ ਦੇ ਬਲਿਦਾਨ ਦਾ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ-ਸਨਮਾਨ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰਨ।
