ਗਰੁੱਪਡੀ ਕਰਮਚਾਰੀਆਂ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ
ਚੰਡੀਗੜ੍ਹ, 25 ਜੂਨ:- ਹਰਿਆਣਾ ਸਰਕਾਰ ਨੇ ਰਾਜ ਦੇ ਹਜ਼ਾਰਾਂ ਗਰੁੱਪ-ਡੀ ਕਰਮਚਾਰੀਆਂ ਦੇ ਹਿੱਤ ਵਿੱਚ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੂੰ ਕਾਮਨ ਕੈਡਰ ਵਿੱਚ ਬਣੇ ਰਹਿਣ ਜਾਂ ਉਸ ਤੋਂ ਬਾਹਰ ਨਿਕਲਣ ਦਾ ਇੱਕਮੁਸ਼ਤ ਵਿਕਲਪ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਇੱਕ ਪੱਤਰ ਜਾਰੀ ਕਰਕੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਰੀ ਪੱਤਰ ਅਨੁਸਾਰ ਇਹ ਪ੍ਰਕਿਰਿਆ ਇਸ਼ਤਿਹਾਰ ਸੰਖਿਆ 04/2018 ਤਹਿਤ ਨਿਯੁਕਤ ਸਾਰੇ ਗਰੁੱਪ-ਡੀ ਕਰਮਚਾਰੀਆਂ ਅਤੇ 28 ਮਾਰਚ, 2018 ਤੋਂ 31 ਮਾਰਚ, 2020 ਦੇ ਵਿਚਕਾਰ ਤਰਸ ਦੇ ਆਧਾਰ 'ਤੇ ਨਿਯੁਕਤ ਕਰਮਚਾਰੀਆਂ 'ਤੇ ਲਾਗੂ ਹੋਵੇਗੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਗਰੁੱਪ-ਡੀ ਸੇਵਾ ਢਾਂਚੇ ਵਿੱਚ ਕੀਤੇ ਗਏ ਸੰਸ਼ੋਧਨਾਂ ਤੋਂ ਬਾਅਦ ਯੋਗ ਕਰਮਚਾਰੀਆਂ ਨੂੰ ਇਹ ਇੱਕਮੁਸ਼ਤ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ ਕਿ ਉਹ ਕਾਮਨ ਕੈਡਰ ਵਿੱਚ ਬਣੇ ਰਹਿਣ ਜਾਂ ਉਸ ਤੋਂ ਬਾਹਰ ਨਿਕਲਣ ਦਾ ਵਿਕਲਪ ਚੁਣ ਸਕਣ।
ਜਿਹੜੇ ਕਰਮਚਾਰੀ ਕਾਮਨ ਕੈਡਰ ਵਿੱਚ ਬਣੇ ਰਹਿਣ ਦਾ ਵਿਕਲਪ ਚੁਣਨਗੇ, ਉਹ ਸਮੇਂ-ਸਮੇਂ 'ਤੇ ਸੰਸ਼ੋਧਿਤ ਹਰਿਆਣਾ ਗਰੁੱਪ-ਡੀ ਕਰਮਚਾਰੀ (ਭਰਤੀ ਅਤੇ ਸੇਵਾ ਸ਼ਰਤਾਂ) ਐਕਟ, 2018 ਦੇ ਉਪਬੰਧਾਂ ਤਹਿਤ ਸ਼ਾਸਿਤ ਹੁੰਦੇ ਰਹਿਣਗੇ। ਉੱਥੇ ਹੀ, ਜਿਹੜੇ ਕਰਮਚਾਰੀ ਕਾਮਨ ਕੈਡਰ ਤੋਂ ਬਾਹਰ ਹੋਣ ਦਾ ਵਿਕਲਪ ਚੁਣਨਗੇ, ਉਹ ਆਪਣੇ-ਆਪਣੇ ਵਿਭਾਗਾਂ ਦੇ ਸਬੰਧਤ ਸੇਵਾ ਨਿਯਮਾਂ ਦੇ ਅਧੀਨ ਹੋਣਗੇ।
ਪਾਰਦਰਸ਼ਤਾ ਅਤੇ ਸੁਗਮਤਾ ਯਕੀਨੀ ਬਣਾਉਣ ਲਈ ਇਹ ਵਿਕਲਪ ਆਨਲਾਈਨ ਪੋਰਟਲ ਰਾਹੀਂ ਮੰਗਿਆ ਜਾਵੇਗਾ। ਯੋਗ ਕਰਮਚਾਰੀ 1 ਜੁਲਾਈ ਤੋਂ 15 ਜੁਲਾਈ, 2026 ਤੱਕ https://recruitment.groupd.csharyana.gov.in/ ਪੋਰਟਲ 'ਤੇ ਜਾ ਕੇ ਆਪਣਾ ਵਿਕਲਪ ਦਰਜ ਕਰ ਸਕਣਗੇ। ਇਹ ਪੋਰਟਲ ਓ.ਟੀ.ਪੀ. ਆਧਾਰਿਤ ਹੋਵੇਗਾ ਅਤੇ ਕਰਮਚਾਰੀ ਕੇਵਲ ਆਪਣੇ ਐਚ.ਆਰ.ਐਮ.ਐਸ. (HRMS) ਵਿੱਚ ਰਜਿਸਟਰਡ ਮੋਬਾਈਲ ਨੰਬਰ ਦੇ ਮਾਧਿਅਮ ਰਾਹੀਂ ਹੀ ਲੌਗਇਨ ਕਰ ਸਕਣਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯਕੀਨੀ ਬਣਾਉਣ ਕਿ ਹਰੇਕ ਯੋਗ ਕਰਮਚਾਰੀ ਨਿਰਧਾਰਤ ਮਿਆਦ ਦੇ ਅੰਦਰ ਆਪਣਾ ਵਿਕਲਪ ਲਾਜ਼ਮੀ ਤੌਰ 'ਤੇ ਦਰਜ ਕਰੇ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਕਰਮਚਾਰੀ ਨਿਰਧਾਰਤ ਸਮੇਂ ਦੇ ਅੰਦਰ ਆਪਣਾ ਵਿਕਲਪ ਦਰਜ ਨਹੀਂ ਕਰਦਾ ਹੈ, ਤਾਂ ਉਸ ਨੂੰ ਕਾਮਨ ਕੈਡਰ ਵਿੱਚ ਬਣੇ ਰਹਿਣ ਲਈ ਸਹਿਮਤੀ ਮੰਨਿਆ ਜਾਵੇਗਾ।
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਅਤੇ ਯੋਗ ਕਰਮਚਾਰੀਆਂ ਤੱਕ ਇਸ ਦੀ ਜਾਣਕਾਰੀ ਪਹੁੰਚਾਉਂਦੇ ਹੋਏ ਨਿਰਧਾਰਤ ਸਮੇਂ-ਸੀਮਾ ਦੇ ਅੰਦਰ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਭਰ ਵਿੱਚ ਇਹ ਕਾਰਜ ਸੁਚਾਰੂ ਰੂਪ ਵਿੱਚ ਪੂਰਾ ਹੋ ਸਕੇ।
