ਹਰਿਆਣਾ ਸਰਕਾਰ ਨੇ ਮੰਗੇ ਰਾਈਟ ਟੂ ਸਰਵਿਸ ਕਮਿਸ਼ਨ ਲਈ ਬਿਨੈ ਪੱਤਰ
ਚੰਡੀਗੜ੍ਹ, 16 ਜੂਨ- ਹਰਿਆਣਾ ਸਰਕਾਰ ਨੇ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਵਿੱਚ ਮੁੱਖ ਕਮਿਸ਼ਨਰ ਅਤੇ ਕਮਿਸ਼ਨਰ ਦੇ ਅਹੁਦਿਆਂ 'ਤੇ ਨਿਯੁਕਤੀ ਲਈ ਬਿਨੈ-ਪੱਤਰ ਮੰਗੇ ਹਨ। ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਰਾਜ ਸਰਕਾਰ ਨੇ ਇੱਕ ਸਰਚ ਕਮੇਟੀ ਦਾ ਗਠਨ ਕੀਤਾ ਹੈ, ਜੋ ਢੁਕਵੇਂ ਉਮੀਦਵਾਰਾਂ ਦੀ ਪਛਾਣ ਕਰਕੇ ਐਕਟ ਦੇ ਤਹਿਤ ਗਠਿਤ ਵਿਧਾਨਕ ਕਮੇਟੀ ਨੂੰ ਆਪਣੀਆਂ ਸਿਫ਼ਾਰਸ਼ਾਂ ਭੇਜੇਗੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਤਹਿਤ ਗਠਿਤ ਕਮਿਸ਼ਨ ਵਿੱਚ ਇੱਕ ਮੁੱਖ ਕਮਿਸ਼ਨਰ ਅਤੇ ਵੱਧ ਤੋਂ ਵੱਧ ਚਾਰ ਕਮਿਸ਼ਨਰ ਨਿਯੁਕਤ ਕੀਤੇ ਜਾ ਸਕਦੇ ਹਨ। ਐਕਟ ਦੇ ਉਪਬੰਧਾਂ ਅਨੁਸਾਰ, ਮੁੱਖ ਕਮਿਸ਼ਨਰ ਦੇ ਅਹੁਦੇ ਲਈ ਹਰਿਆਣਾ ਦੇ ਮੁੱਖ ਸਕੱਤਰ ਜਾਂ ਕੇਂਦਰ ਸਰਕਾਰ ਦੇ ਸਕੱਤਰ ਪੱਧਰ ਅਤੇ ਇਸ ਦੇ ਬਰਾਬਰ ਦੇ ਅਹੁਦੇ 'ਤੇ ਕੰਮ ਕਰ ਰਹੇ ਜਾਂ ਸੇਵਾਮੁਕਤ ਅਧਿਕਾਰੀ ਯੋਗ ਹਨ।
ਇਸੇ ਤਰ੍ਹਾਂ ਕਮਿਸ਼ਨ ਵਿੱਚ ਕਮਿਸ਼ਨਰ ਦੀ ਇੱਕ ਖਾਲੀ ਅਸਾਮੀ ਨੂੰ ਭਰਨ ਲਈ ਵੀ ਬਿਨੈ-ਪੱਤਰ ਮੰਗੇ ਗਏ ਹਨ। ਇਹ ਅਹੁਦਾ ਹਰਿਆਣਾ ਸਰਕਾਰ ਦੇ ਅਜਿਹੇ ਸੇਵਾਮੁਕਤ ਅਧਿਕਾਰੀਆਂ ਵਿੱਚੋਂ ਭਰਿਆ ਜਾਵੇਗਾ, ਜਿਨ੍ਹਾਂ ਨੇ ਪ੍ਰਸ਼ਾਸਨਿਕ ਸਕੱਤਰ ਜਾਂ ਰਾਜ ਸੇਵਾ ਵਿੱਚ ਬਰਾਬਰ ਦਾ ਅਹੁਦਾ ਅਤੇ ਦਰਜਾ ਹਾਸਲ ਕੀਤਾ ਹੋਵੇ। ਹਰਿਆਣਾ ਕੈਡਰ ਦੇ ਆਲ ਇੰਡੀਆ ਸਰਵਿਸਿਜ਼ ਦੇ ਅਧਿਕਾਰੀ ਵੀ ਇਸ ਅਹੁਦੇ ਲਈ ਯੋਗ ਹੋਣਗੇ।
ਚੁਣੇ ਗਏ ਉਮੀਦਵਾਰ ਅਹੁਦਾ ਸੰਭਾਲਣ ਦੀ ਮਿਤੀ ਤੋਂ ਪੰਜ ਸਾਲ ਦੀ ਮਿਆਦ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਅਹੁਦੇ 'ਤੇ ਕੰਮ ਕਰਨਗੇ। ਇਸ ਅਹੁਦੇ 'ਤੇ ਦੁਬਾਰਾ ਨਿਯੁਕਤੀ ਦਾ ਕੋਈ ਪ੍ਰਾਵਧਾਨ ਨਹੀਂ ਹੈ। ਤਨਖਾਹ, ਭੱਤੇ ਅਤੇ ਸੇਵਾ ਦੀਆਂ ਸ਼ਰਤਾਂ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਅਤੇ 28 ਜੂਨ, 2019 ਨੂੰ ਕੀਤੇ ਗਏ ਸੰਸ਼ੋਧਨਾਂ ਅਨੁਸਾਰ ਲਾਗੂ ਹੋਣਗੀਆਂ।
ਯੋਗ ਅਤੇ ਇੱਛੁਕ ਉਮੀਦਵਾਰ ਨਿਰਧਾਰਤ ਫਾਰਮੈਟ ਵਿੱਚ ਆਪਣੇ ਬਿਨੈ-ਪੱਤਰ ਹਰਿਆਣਾ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਆਮ ਪ੍ਰਸ਼ਾਸਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦੇ ਦਫ਼ਤਰ, ਕਮਰਾ ਨੰਬਰ 44-ਬੀ ਵਿੱਚ 1 ਜੁਲਾਈ, 2026 ਨੂੰ ਸ਼ਾਮ 5.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਕੇਂਦਰ ਜਾਂ ਰਾਜ ਸਰਕਾਰ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਆਪਣੇ ਬਿਨੈ-ਪੱਤਰ ਪ੍ਰੋਪਰ ਚੈਨਲ ਰਾਹੀਂ ਭੇਜਣੇ ਹੋਣਗੇ।
