ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ
ਚੰਡੀਗੜ੍ਹ, 3 ਸਤੰਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2026-27 ਲਈ 'ਗੰਨਾ ਤਕਨੀਕੀ ਉਦੇਸ਼ ਪਰਿਯੋਜਨਾ' ਤਹਿਤ ਕਿਸਾਨਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਰਾਜ ਦੇ ਪ੍ਰਮੁੱਖ ਗੰਨਾ ਉਤਪਾਦਕ ਖੇਤਰਾਂ—ਯਮੁਨਾਨਗਰ, ਨਾਰਾਇਣਗੜ੍ਹ, ਸ਼ਾਹਾਬਾਦ, ਕਰਨਾਲ, ਅਸੰਧ, ਭਾਦਸੋਂ, ਪਾਣੀਪਤ, ਕੈਥਲ, ਰੋਹਤਕ, ਸੋਨੀਪਤ, ਜੀਂਦ, ਪਲਵਲ, ਭੂਨਾ, ਗੋਹਾਣਾ ਅਤੇ ਮਹਿਮ ਦੇ ਸਹਾਇਕ ਗੰਨਾ ਵਿਕਾਸ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਗ੍ਰਾਂਟ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਾਂਟ ਰਾਸ਼ੀ ਗੰਨੇ ਦੀਆਂ ਸੂਚਿਤ ਅਤੇ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਆਧੁਨਿਕ ਵੀਧੀਆਂ, ਜਿਵੇਂ ਕਿ "ਪ੍ਰਮੋਸ਼ਨ ਆਫ਼ ਵਾਈਡ ਰੋ ਸਪੇਸਿੰਗ (4 ਫੁੱਟ)", ਸਿੰਗਲ-ਬਡ, ਬਡ-ਚਿੱਪ ਵਿਧੀ, ਫਾਊਂਡੇਸ਼ਨ ਸੀਡ ਨਰਸਰੀ/ਬੀਜ ਉਪਚਾਰ, ਅਤੇ 4 ਫੁੱਟ ਦੀ ਚੌੜੀ ਕਤਾਰ ਦੀ ਦੂਰੀ ਵਿੱਚ ਪੇੜੀ-ਪ੍ਰਬੰਧਨ (Ratoon Management) ਰਾਹੀਂ ਪ੍ਰਦਰਸ਼ਨ-ਪਲਾਟ ਲਗਾਉਣ 'ਤੇ ਦਿੱਤੀ ਜਾਵੇਗੀ।
ਬੁਲਾਰੇ ਨੇ ਅਰਜ਼ੀਆਂ ਦੀ ਸਮਾਂ-ਸੀਮਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨ ਭਰਾਵਾਂ ਨੇ ਆਪਣਾ ਗੰਨਾ ਬਸੰਤ ਜਾਂ ਗਰਮੀ ਦੀ ਰੁੱਤ (ਅਪ੍ਰੈਲ ਤੋਂ ਬਾਅਦ) ਵਿੱਚ ਲਗਾਇਆ ਹੈ, ਉਹ ਇਸ ਯੋਜਨਾ ਦਾ ਲਾਭ ਲੈਣ ਲਈ 30 ਸਤੰਬਰ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉੱਥੇ ਹੀ, ਜੋ ਕਿਸਾਨ ਸਰਦੀ ਦੀ ਰੁੱਤ (ਆਗਾਮੀ ਅਕਤੂਬਰ-ਨਵੰਬਰ) ਵਿੱਚ ਗੰਨੇ ਦੀ ਬਿਜਾਈ ਕਰਨ ਵਾਲੇ ਹਨ, ਉਨ੍ਹਾਂ ਲਈ ਅਰਜ਼ੀ ਦੀ ਮਿਤੀ 1 ਅਕਤੂਬਰ 2026 ਤੋਂ 31 ਦਸੰਬਰ 2026 ਤੱਕ ਨਿਰਧਾਰਤ ਕੀਤੀ ਗਈ ਹੈ। ਇੱਛੁਕ ਕਿਸਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.agriharyana.gov.in 'ਤੇ ਜਾ ਕੇ ਆਪਣੀ ਆਨਲਾਈਨ ਅਰਜ਼ੀ ਪੇਸ਼ ਕਰ ਸਕਦੇ ਹਨ।
ਇਸ ਤੋਂ ਇਲਾਵਾ, ਰਾਜ ਸਰਕਾਰ ਖੇਤੀਬਾੜੀ ਖੇਤਰ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ "Mechanization in Sugarcane Implements" ਯੋਜਨਾ ਤਹਿਤ ਵੀ ਵੱਖ-ਵੱਖ ਖੇਤੀਬਾੜੀ ਯੰਤਰਾਂ 'ਤੇ ਸਬਸਿਡੀ ਦੇ ਰਹੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪਾਵਰ ਆਪਰੇਟਿਡ ਗੰਨਾ ਸੈੱਟ ਟ੍ਰੀਟਮੈਂਟ ਡਿਵਾਈਸ (30-120 ਲੀਟਰ ਸਮਰੱਥਾ), ਪਾਵਰ ਵੀਡਰ (ਇੰਜਣ ਦੁਆਰਾ ਸੰਚਾਲਿਤ 5 ਤੋਂ 7.5 BHP ਤੱਕ), ਗੰਨਾ ਰਟੂਨ ਮੈਨੇਜਰ, ਵਾਈਡ-ਰੋ ਰਿਜ/ਰਿਜ, ਰੋਟਾਵੇਟਰ (4 ਫੁੱਟ), ਟਰੈਕਟਰ ਦੁਆਰਾ ਸੰਚਾਲਿਤ ਸਪ੍ਰੇਅਰ, ਸਬ-ਸੋਇਲਰ/ਚਿਸਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ ਅਤੇ ਮਿੰਨੀ ਟਰੈਕਟਰ ਵਰਗੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਲੈਣ ਲਈ ਵੀ ਕਿਸਾਨ 30 ਸਤੰਬਰ 2026 ਦੇ ਵਿਚਕਾਰ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਯੋਜਨਾ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਵਾ ਦਿੱਤੇ ਗਏ ਹਨ।
