ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ ਹਰਮਨਪ੍ਰੀਤ ਕੌਰ

ਚੰਡੀਗੜ੍ਹ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਮ ਇੱਕ ਮਾਹਿਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਖਿਡਾਰਨ ਹੁਣ ਹੋਰ ਵੀ ਵੱਧ ਚਰਚਾ ਵਿੱਚ ਆ ਗਈ ਹੈ। ਕੀ ਤੁਸੀਂ ਜਾਣਦੇ ਹੋ ਭਾਰਤੀ ਕਪਤਾਨ ਹਰਮਨਪ੍ਰੀਤ ਬੀਸੀਸੀਆਈ ਤੋਂ ਕਿੰਨੀ ਤਨਖਾਹ ਲੈਂਦੀ ਹੈ, ਖਾਸ ਗੱਲ ਹੈ ਹੈ ਕਿ ਹੁਣ ਉਨ੍ਹਾਂ ਦੀ ਤਨਖਾਹ ਹੋਰ ਵਧਣ ਦੀ ਉਮੀਦ ਹੈ।
ਇਸਦਾ ਮੁੱਖ ਕਾਰਨ ਬੀਸੀਸੀਆਈ ਦੀ ਨਵੀਂ ਨੀਤੀ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਖਿਡਾਰੀਆਂ ਲਈ ਤਨਖਾਹ ਦੀ ਬਰਾਬਰੀ ਨੂੰ ਮਾਨਤਾ ਦਿੰਦੀ ਹੈ। ਇਸ ਨੀਤੀ ਕਾਰਨ ਹਰਮਨਪ੍ਰੀਤ ਦੀ ਖੇਡਣ ਦੀ ਫੀਸ ਦੇ ਨਾਲ-ਨਾਲ ਬੀਸੀਸੀਆਈ ਨਾਲ ਉਨ੍ਹਾਂ ਦੀ ਰਿਟੇਨਰਸ਼ਿਪ ਵੀ ਵਧੇਗੀ।
ਹਰਮਨਪ੍ਰੀਤ ਕੌਰ ਬੀਸੀਸੀਆਈ ਦੇ ਕੇਂਦਰੀ ਕਰਾਰ ਤਹਿਤ ਦੇ ਢਾਂਚੇ ਤਹਿਤ ‘ਗਰੇਡ ਏ’ ਦੀ ਖਿਡਾਰਨ ਹੈ। ਇਸ ਗਰੇਡ ਤਹਿਤ ਹਰਮਨਪ੍ਰੀਤ ਨੂੰ ਬੀਸੀਸੀਆਈ ਤੋਂ ਸਾਲਾਨਾ 50 ਲੱਖ ਰੁਪਏ ਦਾ ਰਿਟੇਨਰ ਪ੍ਰਾਪਤ ਹੁੰਦਾ ਹੈ। ਰਿਟੇਨਰ ਇੱਕ ਨਿਸ਼ਚਿਤ ਸਾਲਾਨਾ ਰਕਮ ਹੁੰਦੀ ਹੈ, ਜੋ ਟੀਮ ਵਿੱਚ ਉਨ੍ਹਾਂ ਦੇ ਦਰਜੇ ਅਤੇ ਮਹੱਤਵ ਨੂੰ ਮਾਨਤਾ ਦਿੰਦੀ ਹੈ।
ਬੀਸੀਸੀਆਈ ਦੀ ਸਮਾਨ ਤਨਖਾਹ ਨੀਤੀ ਦੇ ਕਾਰਨ ਹਰਮਨਪ੍ਰੀਤ ਕੌਰ ਨੂੰ ਹਰ ਫਾਰਮੈਟ ਵਿੱਚ ਪੁਰਸ਼ ਟੀਮ ਦੇ ਸਾਥੀਆਂ ਜਿੰਨੀ ਹੀ ਮੈਚ ਫੀਸ ਦਿੱਤੀ ਜਾਂਦੀ ਹੈ। ਇਹ ਫੀਸ ਹਰ ਵਾਰ ਅਦਾ ਕੀਤੀ ਜਾਂਦੀ ਹੈ ਜਦੋਂ ਉਹ ਭਾਰਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਹ ਉਨ੍ਹਾਂ ਦੀ ਕੁੱਲ ਆਮਦਨ ਵਿੱਚ ਵੱਡਾ ਵਾਧਾ ਕਰਦੀ ਹੈ।
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਪ੍ਰਤੀ ਟੈਸਟ ਮੈਚ ਪ੍ਰਤੀ ਮੈਚ ਲਗਪਗ 15 ਲੱਖ ਰੁਪਏ, ਪ੍ਰਤੀ ਇੱਕ ਰੋਜ਼ਾ ਮੈਚ ਲਈ 6 ਲੱਖ ਰੁਪਏ ਅਤੇ ਪ੍ਰਤੀ ਟੀ-20 ਮੈਚ 3 ਲੱਖ ਰੁਪਏ ਅਦਾ ਕੀਤੇ ਜਾਂਦੇ ਹਨ।
ਬੀਸੀਸੀਆਈ ਦੀ ਕਮਾਈ ਤੋਂ ਇਲਾਵਾ ਹਰਮਨਪ੍ਰੀਤ ਕੌਰ ਮਹਿਲਾ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਨ। ਉਹ ਪ੍ਰਤੀ ਮਹਿਲਾ ਪ੍ਰੀਮੀਅਰ ਲੀਗ ਸੀਜ਼ਨ ਵਿੱਚ ਲਗਭਗ 1.80 ਕਰੋੜ ਰੁਪਏ ਕਮਾਉਂਦੀ ਹੈ। ਕੌਰ ਦੀ ਕਾਰਗੁਜ਼ਾਰੀ ਅਤੇ ਅਗਵਾਈ ਨੇ ਉਨ੍ਹਾਂ ਦੀ ਟੀਮ ਨੂੰ ਹੁਣ ਤੱਕ ਦੋ ਲੀਗ ਖ਼ਿਤਾਬ ਜਿੱਤਣ ਵਿੱਚ ਮਦਦ ਕੀਤੀ ਹੈ।
ਕੌਰ ਨੇ ਅੰਤਰਰਾਸ਼ਟਰੀ ਲੀਗਜ਼ ਵਿੱਚ ਵੀ ਖੇਡਿਆ ਹੈ, ਜਿਵੇਂ ਕਿ ਆਸਟ੍ਰੇਲੀਆ ਦੀ ਮਹਿਲਾ ਬਿੱਗ ਬੈਸ਼ ਲੀਗ, ਜਿੱਥੇ ਉਨ੍ਹਾਂ ਨੇ ਪ੍ਰਤੀ ਸੀਜ਼ਨ 25 ਲੱਖ ਰੁਪਏ ਕਮਾਏ। ਇਸ ਤੋਂ ਇਲਾਵਾ ਉਹ ਨਾਈਕੀ ਅਤੇ ਸੀਏਟ ਟਾਇਰਾਂ ਵਰਗੇ ਬ੍ਰਾਂਡ ਸਮੇਤ ਕਈ ਇਸ਼ਤਿਹਾਰੀ ਕੰਪਨੀਆਂ ਨਾਲ ਜੁੜੀ ਹੋਈ ਹੈ, ਅਤੇ ਕ੍ਰਿਕਟ ਤੋਂ ਇਲਾਵਾ ਉਨ੍ਹਾਂ ਦੀ ਆਮਦਨ ਦੇ ਹੋਰ ਸਰੋਤ ਸਾਲਾਨਾ ਕਈ ਕਰੋੜਾਂ ਵਿੱਚ ਹਨ।
ਸਮੁੱਚੇ ਤੌਰ ’ਤੇ ਹਰਮਨਪ੍ਰੀਤ ਕੌਰ ਬੀਸੀਸੀਆਈ ਦੀ ਸਮਾਨ ਤਨਖਾਹ ਨੀਤੀ ਅਤੇ ਫਰੈਂਚਾਇਜ਼ੀ ਕੰਟਰੈਕਟਸ ਅਤੇ ਇਸ਼ਤਿਹਾਰਾਂ ਦੇ ਕਾਰਨ ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ ਹਨ। ਇਹ ਵੇਰਵੇ ਬੀਸੀਸੀਆਈ ਦੇ 2025 ਕੇਂਦਰੀ ਕਰਾਰ ਦੀ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ’ਤੇ ਅਧਾਰਤ ਹਨ।