ਗਰੁੱਪ ਕਮਾਂਡਰ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦੀ ਐਨ ਸੀ ਸੀ ਇਕਾਈ ਦਾ ਦੌਰਾ
ਲੁਧਿਆਣਾ 02 ਮਈ 2025- ਬ੍ਰਿਗੇਡੀਅਰ ਪੀ ਐਸ ਚੀਮਾ, ਸੇਵਾ ਪਦਕ, ਵਿਸ਼ੇਸ਼ ਸੇਵਾ ਪਦਕ, ਗਰੁੱਪ ਕਮਾਂਡਰ, ਲੁਧਿਆਣਾ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਐਨ ਸੀ ਸੀ ਇਕਾਈ ਦਾ ਦੌਰਾ ਕੀਤਾ। ਇਕਾਈ ਦੇ ਕਮਾਂਡਿੰਗ ਅਫ਼ਸਰ ਕਰਨਲ ਏ ਸ਼੍ਰੀਨਿਵਾਸ ਰਾਓ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਯੂਨਿਟ ਦੇ ਸਾਰੇ ਸਟਾਫ਼ ਨਾਲ ਮਿਲਵਾਇਆ।
ਬ੍ਰਿਗੇਡੀਅਰ ਚੀਮਾ ਨੇ ਘੋੜਿਆਂ ਦੇ ਅਸਤਬਲ, ਸਿਖਲਾਈ ਖੇਤਰ ਅਤੇ ਯੂਨਿਟ ਦੀ ਕਾਰਗੁਜਾਰੀ ਦਾ ਨਿਰੀਖਣ ਕੀਤਾ ਅਤੇ ਪ੍ਰਸੰਸਾ ਕੀਤੀ ਕਿ ਸਾਰਾ ਕੁਝ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਸੰਬੰਧੀ ਖੁਸ਼ੀ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਦੇ ਵੈਟਨਰੀ ਗ੍ਰੈਜੂਏਟ ਆਪਣੀ ਡਿਗਰੀ ਦੇ ਨਾਲ ਤਿੰਨ ਸਾਲ ਐਨ ਸੀ ਸੀ ਸਿਖਲਾਈ ਵੀ ਲੈਂਦੇ ਹਨ। ਉਨ੍ਹਾਂ ਨੇ ਸਾਰੇ ਅਧਿਕਾਰੀਆਂ, ਸਟਾਫ਼ ਅਤੇ ਕੈਡਿਟਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਾਰੇ ਰਲ ਕੇ ਕੰਮ ਕਰਨ ਤਾਂ ਜੋ ਰਾਸ਼ਟਰ ਨਿਰਮਾਣ ਵਿੱਚ ਅਸੀਂ ਬਿਹਤਰ ਯੋਗਦਾਨ ਦੇ ਸਕੀਏ। ਉਨ੍ਹਾਂ ਨੇ ਜੀਵਨ ਵਿੱਚ ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀ ਸਵੇਰ ਅਤੇ ਸ਼ਾਮ ਨੂੰ ਘੁੜਸਵਾਰੀ ਦੀ ਸਿਖਲਾਈ ਲੈਂਦੇ ਹਨ ਅਤੇ ਗਣਤੰਤਰ ਦਿਵਸ ਪਰੇਡ ਵਿੱਚ ਚੰਗਾ ਨਾਮਣਾ ਖੱਟਦੇ ਹਨ।
ਬ੍ਰਿਗੇਡੀਅਰ ਚੀਮਾ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਜਤਿੰਦਰ ਪਾਲ ਸਿੰਘ ਗਿੱਲ ਨਾਲ ਵੀ ਮੁਲਾਕਾਤ ਕੀਤੀ। ਡਾ. ਗਿੱਲ ਨੇ ਉਨ੍ਹਾਂ ਨੂੰ ਦੱਸਿਆ ਕਿ ਘੁੜਸਵਾਰੀ ਦੇ ਖੇਤਰ ਵਿੱਚ ਸਾਡੇ ਵਿਦਿਆਰਥੀਆਂ ਨੇ ਹਮੇਸ਼ਾਂ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰਿਮਾਊਂਟ ਵੈਟਨਰੀ ਕੋਰ ਵਿੱਚ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਐਨ ਸੀ ਸੀ ਇਕਾਈ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਯੂਨਿਟ ਦਾ ਸਟਾਫ਼ ਵੀ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਆਪਣੇ ਵਧੀਆ ਯਤਨ ਕਰਦਾ ਹੈ।
