ਗ੍ਰੀਨਲੈਂਡ ਮਾਮਲਾ ਟਰੰਪ ਵੱਲੋਂ ਅੱਠ ਯੂਰਪੀ ਦੇਸ਼ਾਂ ਤੇ ਟੈਕਸ ਲਗਾਉਣ ਦਾ ਐਲਾਨ
ਵਾਸ਼ਿੰਗਟਨ:- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਨੂੰ ਗ੍ਰੀਨਲੈਂਡ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ,ਉਦੋਂ ਤੱਕ ਉਹ ਆਪਣੇ ਯੂਰਪੀਅਨ ਸਹਿਯੋਗੀ ਦੇਸ਼ਾਂ 'ਤੇ ਦਰਾਮਦ ਟੈਰਿਫ (ਟੈਕਸ) ਦੀ ਲਹਿਰ ਲਾਗੂ ਕਰਨਗੇ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਦੱਸਿਆ ਕਿ 1 ਫਰਵਰੀ ਤੋਂ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ ਅਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਵਸਤੂਆਂ 'ਤੇ ਵਾਧੂ 10 ਫੀਸਦੀ ਟੈਰਿਫ ਲਾਗੂ ਹੋਵੇਗਾ, ਜੋ 1 ਜੂਨ ਤੱਕ ਵਧ ਕੇ 25 ਫੀਸਦੀ ਹੋ ਜਾਵੇਗਾ। ਟਰੰਪ ਨੇ ਗ੍ਰੀਨਲੈਂਡ ਨੂੰ ਅਮਰੀਕੀ ਸੁਰੱਖਿਆ ਅਤੇ ਖਣਿਜ ਭੰਡਾਰਾਂ ਲਈ ਮਹੱਤਵਪੂਰਨ ਦੱਸਿਆ ਹੈ,ਜਦਕਿ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਨੇਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਾਪੂ ਵਿਕਾਊ ਨਹੀਂ ਹੈ।
ਇਸ ਫੈਸਲੇ ਦੀ ਯੂਰਪੀ ਸੰਘ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਖਤ ਨਿੰਦਾ ਕੀਤੀ ਹੈ,ਜਿਨ੍ਹਾਂ ਨੇ ਇਸ ਨੂੰ ਨਾਟੋ ਸਹਿਯੋਗੀਆਂ ਦੇ ਵਿਰੁੱਧ ਇੱਕ ਗਲਤ ਕਦਮ ਦੱਸਿਆ ਹੈ। ਇਸ ਦੌਰਾਨ ਅਮਰੀਕੀ ਸੁਪਰੀਮ ਕੋਰਟ ਰਾਸ਼ਟਰਪਤੀ ਦੀਆਂ ਟੈਰਿਫ ਲਗਾਉਣ ਦੀਆਂ ਸ਼ਕਤੀਆਂ ਦੀ ਕਾਨੂੰਨੀ ਜਾਂਚ ਕਰ ਰਹੀ ਹੈ, ਜਿਸ ਦਾ ਵਿਸ਼ਵ ਅਰਥਵਿਵਸਥਾ 'ਤੇ ਵੱਡਾ ਅਸਰ ਪੈ ਸਕਦਾ ਹੈ।
