ਗ੍ਰੀਨ ਲੈਂਡ ਪਬਲਿਕ ਸਕੂਲ ਨੇ ਰਨਿੰਗ ਟਰਾਫੀਆਂ ਜਿੱਤੀਆ

ਪਟਿਆਲਾ, 27 ਦਸੰਬਰ:- ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਦੇ ਦਿਲ, ਦਿਮਾਗ, ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਪ੍ਰੇਮ, ਹਮਦਰਦੀ, ਸਤਿਕਾਰ, ਨਿਮਰਤਾ, ਸਬਰ ਸ਼ਾਂਤੀ, ਆਗਿਆ ਪਾਲਣ, ਮਾਪਿਆਂ ਬਜ਼ੁਰਗਾਂ ਗੁਰੂਆਂ ਅਵਤਾਰਾਂ ਦੇ ਸਤਿਕਾਰ ਕਰਨ, ਸਖ਼ਤ ਮਿਹਨਤ, ਇਮਾਨਦਾਰੀ ਦੀ ਭਾਵਨਾ ਉਤਪੰਨ ਕਰਨ ਲਈ ਭਾਸ਼ਣ ਮੁਕਾਬਲੇ ਕਰਵਾਏ।
 ਸੇਂਟਰ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੌਰ ਮਨਚੰਦਾ, ਭਾਰਤ ਸਕਾਊਟ ਗਾਈਡ ਦੇ ਟਰੇਨਿੰਗ ਕਮਿਸ਼ਨਰ ਰਾਵਿੰਦਰ ਕੌਰ ਸਿੱਧੂ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ, ਇੰਸਪੈਕਟਰ ਸਰਬਜੀਤ ਕੌਰ, ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ, ਏ ਐਸ ਆਈ ਰਾਮ ਸਰਨ, ਆਵਾਜਾਈ ਸਿੱਖਿਆ ਸੈਲ, ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ ਨੇ ਕਿਹਾ ਕਿ ਸਾਨੂੰ ਰਲਮਿਲ ਕੇ ਵਿਦਿਆਰਥੀਆਂ, ਨੋਜਵਾਨਾਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਮਾੜੇ ਕਾਰਜਾਂ ਤੋਂ ਬਚਾਉਣ ਲਈ, ਗੁਰੂਆਂ, ਅਵਤਾਰਾਂ, ਦੇਸ਼ ਭਗਤਾਂ ਬਜ਼ੁਰਗਾਂ ਵਲੋਂ ਆਪਣੇ ਦੇਸ਼ ਸਮਾਜ, ਮਾਨਵਤਾ ਵਾਤਾਵਰਨ ਨੂੰ ਬਚਾਉਣ, ਖੁਸ਼ਹਾਲ, ਸੁਰਖਿਅਤ, ਉੱਨਤ ਕਰਨ ਲਈ ਸਹਿਣ ਕੀਤੀਆ ਮੁਸੀਬਤਾਂ ਪ੍ਰੇਸ਼ਾਨੀਆਂ, ਲੋੜ ਅਨੁਸਾਰ ਕੀਤੀਆਂ ਕੁਰਬਾਨੀਆਂ, ਤਿਆਗ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
  ਜਿਸ ਹਿੱਤ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਕੇ, ਬੱਚਿਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸਦਗੁਣ, ਗਿਆਨ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਸਰਵੋਤਮ ਅੰਕ ਹਾਸਲ ਕਰਨ, ਵਿਦਿਆਰਥੀਆਂ ਵਲੋਂ ਅਨੁਸ਼ਾਸਨ, ਆਗਿਆ ਪਾਲਣ, ਨਿਮਰਤਾ ਦਿਖਾਉਣ ਲਈ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ ਵਿਦਿਆਰਥੀਆਂ ਨੂੰ ਸਾਬਕਾ ਮੰਤਰੀ ਸ੍ਰੀ ਵੀਰ ਦਵਿੰਦਰ ਸਿੰਘ ਜੀ ਅਤੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਪ੍ਰਮਜੀਤ ਸਿੰਘ ਸਰਾਉਂ ਸਾਹਿਬ ਯਾਦਗਾਰੀ ਐਵਾਰਡ ਦੇਕੇ ਸਨਮਾਨਿਤ ਕੀਤਾ।
 ਸ੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਵਿਦਿਆਰਥੀਆਂ ਨੂੰ ਗੁਰੂਆਂ, ਅਵਤਾਰਾਂ, ਰਿਸ਼ੀਆਂ, ਦੇਸ਼ ਭਗਤਾਂ ਅਤੇ ਮਹਾਨ ਕ੍ਰਾਂਤੀਕਾਰੀ ਵਿਦਵਾਨਾਂ ਦੇ ਮਾਨਵਤਾਵਾਦੀ ਸਿਧਾਂਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਜਾਣਕਾਰੀਆਂ ਦਿਲਵਾਉਣ ਲਈ ਯਤਨ ਕੀਤੇ ਜਾਂਦੇ ਹਨ।
ਸਾਰਿਆਂ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਕਿ ਉਨ੍ਹਾਂ ਵਲੋਂ ਨਸ਼ਿਆਂ ਅਪਰਾਧਾਂ ਲਾਲਚਾਂ ਸਵਾਦਾਂ ਫੈਸ਼ਨਾਂ ਅਤੇ ਮਾੜੇ ਅਨਸਰਾਂ ਤੋਂ ਸੁਚੇਤ ਰਹਿਣ ਲਈ ਯਤਨ ਕੀਤੇ ਜਾਣਗੇ।