ਚੱਬੇਵਾਲ ਦੇ 42 ਹੜ੍ਹ ਪ੍ਰਭਾਵਿਤ ਪਿੰਡਾਂ ਲਈ 84 ਲੱਖ ਰੁਪਏ ਦੀ ਗ੍ਰਾਂਟ ਜਾਰੀ

ਹੁਸ਼ਿਆਰਪੁਰ:- ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦੀ ਸਫਾਈ, ਫੋਗਿੰਗ ਅਤੇ ਹੋਰ ਕੰਮਾਂ ਨੂੰ ਤੁਰੰਤ ਪ੍ਰਭਾਵ ਨਾਲ ਤੇਜ਼ੀ ਦੇਣ ਲਈ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 42 ਪਿੰਡਾਂ ਨੂੰ 84 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਚੱਬੇਵਾਲ ਦੇ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਹਲਕੇ ਦੇ ਕਈ ਪਿੰਡ ਬਹੁਤ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਹੋਏ ਸਨ। 
ਇਸ ਸਥਿਤੀ ਨੂੰ ਸਾਹਮਣੇ ਰੱਖਦਿਆਂ ਅਤੇ ਰਾਹਤ ਪਹੁੰਚਾਉਣ ਲਈ ਹੁਣ ਸਾਡੇ ਪਿੰਡਾਂ ਦੀ ਸਫਾਈ, ਫੋਗਿੰਗ ਆਦਿ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਵਿਧਾਇਕ ਡਾ ਇਸ਼ਾਂਕ ਨੇ ਮਾਹਿਲਪੁਰ ਰੈਸਟ ਹਾਊਸ ਵਿਖੇ ਇਸ ਸਹਾਇਤਾ ਰਾਸ਼ੀ ਦੇ ਸੈਂਕਸ਼ਨ ਲੈਟਰ ਸਬੰਧਿਤ ਪੰਚਾਇਤਾਂ ਨੂੰ ਵੰਡੇ | ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਇਹ ਰਕਮ ਜਾਰੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਪਿੰਡਾਂ ਨੂੰ ਹੜ੍ਹਾਂ ਕਾਰਨ ਹੋਣ ਵਾਲੇ ਦੁਰ ਪ੍ਰਭਾਵਾਂ ਤੋਂ ਬਚਾਉਣ ਦਾ ਇੱਕ ਸਰਾਹਣਯੋਗ ਯਤਨ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਗ੍ਰਾਂਟ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਿਲਟ ਹਟਾਉਣ, ਨਾਲਿਆਂ ਦੀ ਸਫਾਈ, ਸੜਕਾਂ ਦੇ ਕੰਢਿਆਂ 'ਤੇ ਜਮਾ ਮਲਬਾ ਹਟਾਉਣ, ਅਤੇ ਪਾਣੀ ਦੀ ਨਿਕਾਸ ਪ੍ਰਣਾਲੀ ਨੂੰ ਠੀਕ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਮੁੜ ਸਧਾਰਣ ਜੀਵਨ ਵੱਲ ਵਾਪਸ ਆਉਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। 
ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿਤਾਂ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਕਰ ਰਹੀ ਹੈ ਅਤੇ ਆਫ਼ਤ ਦੇ ਸਮੇਂ ਕਿਸੇ ਵੀ ਵਿਅਕਤੀ ਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਕਿ ਸਾਰੇ ਪਿੰਡਾਂ ਵਿੱਚ ਤੁਰੰਤ ਤੇਜ ਗਤੀ ਨਾਲ ਸਫਾਈ ਅਤੇ ਬਹਾਲੀ ਕੰਮ ਪੂਰੇ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਪ੍ਰਬੰਧਨ ਵੀ ਕੀਤੇ ਜਾਣ ।