ਸਰਕਾਰ ਦਾ ਵੱਡਾ ਫੈਸਲਾ ਸਕੂਲੀ ਬੱਚਿਆਂ ਬੈਗਾਂ ਦਾ ਵਜ਼ਨ ਹੋਇਆ ਤੈਅ
ਚੰਡੀਗਡ਼੍ਹ:- ਹਰਿਆਣਾ ਸਰਕਾਰ ਨੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਿੱਖਿਆ ਪ੍ਰਬੰਧ ’ਚ ਸੁਧਾਰ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਿਆ ਹੈ। ਨਵੇਂ ਵਿਦਿਅਕ ਸੈਸ਼ਨ 2026-27 ਤੋਂ ਸਕੂਲ ਬੈਗ ਦੇ ਵਧਦੇ ਵਜ਼ਨ ਅਤੇ ਨਿੱਜੀ ਸਕੂਲਾਂ ਦੀ ਮਨਮਰਜ਼ੀ ’ਤੇ ਨਕੇਲ ਕੱਸਣ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ। ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਲਈ ਬਸਤੇ ਦਾ ਵੱਧ ਤੋਂ ਵੱਧ ਵਜ਼ਨ ਇਕ ਤੋਂ ਡੇਢ ਕਿਲੋਗ੍ਰਾਮ ਤੈਅ ਕੀਤਾ ਗਿਆ ਹੈ।
ਵਿਭਾਗ ਦਾ ਮੰਨਣਾ ਹੈ ਕਿ ਘੱਟ ਉਮਰ ’ਚ ਭਾਰੀ ਬੈਗ ਬੱਚਿਆਂ ਦੇ ਸਰੀਰਕ ਵਿਕਾਸ ’ਤੇ ਅਸਰ ਪਾ ਸਕਦਾ ਹੈ। ਤੀਜੀ ਤੋਂ ਪੰਜਵੀਂ ਜਮਾਤ ਤੱਕ ਲਈ ਦੋ ਤੋਂ ਤਿੰਨ ਕਿਲੋ, ਛੇਵੀਂ-ਸੱਤਵੀਂ ਲਈ ਚਾਰ ਕਿਲੋ, ਅੱਠਵੀਂ-ਨੌਵੀਂ ਜਮਾਤ ਲਈ ਸਾਢੇ ਚਾਰ ਕਿਲੋ ਅਤੇ 10ਵੀਂ ਜਮਾਤ ਲਈ ਵੱਧ ਤੋਂ ਵੱਧ ਪੰਜ ਕਿਲੋ ਦੀ ਹੱਦ ਤੈਅ ਕੀਤੀ ਗਈ ਹੈ। ਸਕੂਲ ਹੁਣ ਮਾਨਤਾ ਪ੍ਰਾਪਤ ਪਾਠਕ੍ਰਮ ਮੁਤਾਬਕ ਹੀ ਕਿਤਾਬਾਂ ਤੈਅ ਕਰ ਸਕਣਗੇ।
ਮਾਪਿਆਂ ਨੂੰ ਕਿਸੇ ਵਿਸ਼ੇਸ਼ ਪ੍ਰਕਾਸ਼ਕ ਦੀਆਂ ਮਹਿੰਗੀ ਕਿਤਾਬਾਂ ਖ਼ਰੀਦਣ ਲਈ ਮਜਬੂਰ ਕਰਨਾ ਨੇਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਹਰਿਆਣਾ ਸਿੱਖਿਆ ਵਿਭਾਗ ਨੇ ਹੈਲਪਲਾਈਨ ਨੰਬਰ 0172-5049801 ਵੀ ਜਾਰੀ ਕੀਤਾ ਹੈ।
