ਸਰਕਾਰ ਵਲੋਂ 4161 ਅਧਿਆਪਕਾਂ ਦਾ ਰੁਜਗਾਰ ਖੋਹਣ ਦੀ ਗੌਰਮਿੰਟ ਟੀਚਰਜ ਯੂਨੀਅਨ ਵਲੋਂ ਅਲੋਚਨਾ

ਹੁਸ਼ਿਆਰਪੁਰ:- ਬੇਰੁਜ਼ਗਾਰਾਂ ਦੇ ਹੱਕ`ਚ ਹਰਾ ਪੈੱਨ ਚਲਾਉਣ ਦੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਦੋਂ 300 ਦੇ ਕਰੀਬ ਪੰਜਾਬ ਦੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਲਈ ਲਾਲ ਪੈੱਨ ਚਲਾਇਆ ਤਾਂ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਬਲਾਕ ਕੋਟ ਫਤੂਹੀ ਗੌਰਮਿੰਟ ਟੀਚਰਜ ਯੂਨੀਅਨ ਦੇ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਕਿ ਸਾਲ 2021 ਵਿਚ ਪਿਛਲੀ ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। 
ਬਾਅਦ ਵਿਚ ਪੰਜਾਬ ਸਰਕਾਰ ਨੇ ਜਨਵਰੀ 2023 ਵਿੱਚ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ। ਫਿਰ ਵੀ ਲੰਬਾ ਸਮਾਂ ਅਧਿਆਪਕਾਂ ਨੂੰ ਸਕੂਲ ਵਿਚ ਭੇਜਣ ਲਈ ਭਗਵੰਤ ਮਾਨ ਸਰਕਾਰ ਟਾਲਮਟੋਲ ਕਰਦਿਆਂ 2023 ਵਿੱਚ ਜੁਆਇੰਨ ਕਰਵਾਇਆ ਸੀ। ਪਰ ਬੀਤੀ ਦਿਨੀਂ ਸਿੱਖਿਆ ਵਿਭਾਗ ਨੇ 4161 ਮਾਸਟਰ ਕੇਡਰ ਦੇ 300 ਦੇ ਕਰੀਬ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਸ ਵਿਚ ਸਾਫ ਲਿਖ ਦਿੱਤਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਨਾਲ ਹੀ ਇਹਨਾਂ ਅਧਿਆਪਕਾਂ ਦਾ ਪਰਖਕਾਲ ਰੋਕਣ ਲਈ ਵੀ ਕਹਿ ਦਿੱਤਾ ਗਿਆ ਹੈ। 
ਆਗੂਆਂ ਨੇ ਮੁਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਕਿਹਾ ਹੈ ਕਿ 4161 ਮਾਸਟਰ ਕੇਡਰ ਦੇ ਜਿਹਨਾਂ ਅਧਿਆਪਕਾਂ ਨੂੰ ਇਹ ਨੋਟਿਸ ਜਾਰੀ ਕੀਤੇ ਹਨ, ਇਹਨਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ। ਜੇਕਰ ਸਰਕਾਰ ਦੁਆਰਾ ਇਹਨਾਂ ਨੋਟਿਸਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਤਾਂ ਇਸ ਵਿਰੁੱਧ ਤਕੜਾ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਅਧਿਆਪਕ ਦੀ ਨੌਕਰੀ ਨਹੀਂ ਖੁੱਸਣ ਦਿੱਤੀ ਜਾਵੇਗੀ। 
ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਹਾਫਿਜ, ਕੁਲਵਿੰਦਰ ਸਿੰਘ, ਮਨੋਹਰ ਲਾਲ, ਕੁਲਵੰਤ ਸਿੰਘ, ਰਵੀ ਕੁਮਾਰ, ਅਸ਼ਵਨੀ ਕੁਮਾਰ, ਮਹੇਸ਼ਇੰਦਰ ਸਿੰਘ, ਸੁਖਵੀਰ ਸਿੰਘ, ਬਲਜਿੰਦਰ ਸਿੰਘ, ਕਰਮਵੀਰ ਸਿੰਘ, ਅਜੇ ਕੁਮਾਰ, ਹੇਮਰਾਜ, ਮਨਦੀਪ ਸਿੰਘ, ਸੰਦੀਪ ਕੁਮਾਰ ਹਾਜਰ ਸਨ।