ਸਰਕਾਰ ਡੀ ਏ ਦੀਆਂ ਬਕਾਇਆ ਕਿਸ਼ਤਾਂ ਦਾ ਤੁਰੰਤ ਭੁਗਤਾਨ ਕਰੇ ਪੈਨਸ਼ਨਰ ਐਸੋਸੀਏਸ਼ਨ
ਗੜ੍ਹਸ਼ੰਕਰ:- ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਕਾਈ ਗੜਸ਼ੰਕਰ ਦੀ ਮਾਸਿਕ ਮੀਟਿੰਗ ਸੀਨੀਅਰ ਆਗੂ ਬਾਬੂ ਪਰਮਾ ਨੰਦ ਦੀ ਪ੍ਰਧਾਨਗੀ ਹੇਠ ਲਾਇਬ੍ਰੇਰੀ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ।ਮੀਟਿੰਗ ਦੇ ਵੇਰਵੇ ਦਿੰਦਿਆਂ ਪੈਨਸ਼ਨਰ ਆਗੂ ਸ਼੍ਰੀ ਬਲਵੰਤ ਰਾਮ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸ ਨੇ ਇਸ ਸਾਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ।
ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਕਾਰਨ ਇਸ ਵਰਗ ਦਾ ਸਰਕਾਰ ਪ੍ਰਤੀ ਗੁੱਸਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਵਲੋਂ ਚੌਣਾਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਕੀਤੇ ਵਾਅਦਿਆਂ ਵਿੱਚੋ ਸਰਕਾਰ ਨੇ ਇੱਕ ਵੀ ਵਾਇਦਾ ਪੂਰਾ ਨਹੀਂ ਕੀਤਾ। ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੁੱਖ ਮੰਤਰੀ ਤੇ ਅਧਿਕਾਰੀ ਮੀਟਿੰਗ ਦਾ ਸਮਾਂ ਦੇ ਕੇ ਵੀ ਵਾਰ ਵਾਰ ਮੀਟਿੰਗ ਕਰਨ ਤੋਂ ਭੱਜ ਰਹੇ ਹਨ।
ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੀਤੀ ਜਾ ਰਹੀ ਇਸ ਖੱਜਲ ਖ਼ੁਆਰੀ ਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਸਰਕਾਰ ਵਲੋਂ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਲਈ ਕੀਤੇ ਜਾ ਰਹੇ ਪਰਚਿਆਂ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਪਰਚੇ ਤੁਰੰਤ ਵਾਪਿਸ ਲਏ ਜਾਣ ਕਿਉਂਕਿ ਪੱਤਰਕਾਰਾਂ ਅਤੇ ਲੋਕਾਂ ਦੀ ਆਵਾਜ਼ ਨੂੰ ਧੱਕੇ ਨਾਲ਼ ਬੰਦ ਨਹੀਂ ਕੀਤਾ ਜਾ ਸਕਦਾ।
ਇਸ ਸਮੇਂ ਮੰਗ ਕੀਤੀ ਗਈ ਪੈਨਸ਼ਨ ਸੁਧਾਈ ਲਈ 2.59 ਦਾ ਗੁੰਨਾਂਕ ਲਾਗੂ ਕੀਤਾ ਜਾਵੇ, ਡੀ ਏ ਦੀਆਂ ਬਕਾਇਆ ਕਿਸ਼ਤਾਂ ਦਾ ਨਕਦ ਭੁਗਤਾਨ ਤੁਰੰਤ ਕੀਤਾ ਜਾਵੇ,ਮਾਸਿਕ ਮੈਡੀਕਲ ਭੱਤਾ ਦੋ ਹਜ਼ਾਰ ਕੀਤਾ ਜਾਵੇ,ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ। ਮੀਟਿੰਗ ਵਿੱਚ ਰਤਨ ਸਿੰਘ,ਜੋਗਿੰਦਰ ਸਿੰਘ, ਮੇਜਰ ਸਿੰਘ, ਰੌਸ਼ਨ ਲਾਲ ਵਰਮਾ,ਸੁਰਿੰਦਰ ਪਾਲ ਹੀਰ,ਹਰਬੰਸ ਲਾਲ,ਜਗਦੀਸ਼ ਰਾਇ, ਪ੍ਰਿ.ਬਿੱਕਰ ਸਿੰਘ ਅਤੇ ਦਲਬੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
