ਗੋਲਡਨ ਬੁਆਏ ਨੀਰਜ ਚੋਪੜਾ ਨੇ ਪਤਨੀ ਸਣੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ’ਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਅਤੇ ਸਾਬਕਾ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਹਿਮਾਨੀ ਮੋਰ ਨਾਲ ਮੁਲਾਕਾਤ ਕੀਤੀ। ਇਸ ਖ਼ਾਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਜੈਵਲਿਨ ਸਟਾਰ ਨਾਲ ਖੇਡਾਂ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ।
 ਨੀਰਜ ਚੋਪੜਾ ਭਾਰਤ ਦੇ ਸਭ ਤੋਂ ਸਫਲ ਐਥਲੀਟਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 2020 ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਸਾਲ 2025 ਨੀਰਜ ਲਈ ਬਹੁਤ ਖਾਸ ਰਿਹਾ ਹੈ, ਜਿੱਥੇ ਉਨ੍ਹਾਂ ਨੇ ਦੋਹਾ ਡਾਇਮੰਡ ਲੀਗ ਵਿੱਚ 90.23 ਮੀਟਰ ਦਾ ਆਪਣਾ ਸਰਵੋਤਮ ਥਰੋਅ ਸੁੱਟ ਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ।
ਹਾਲਾਂਕਿ, ਸਤੰਬਰ ਵਿੱਚ ਟੋਕੀਓ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਦਾ ਲਗਾਤਾਰ 26 ਮੈਚਾਂ ਵਿੱਚ ਟਾਪ-2 ਵਿੱਚ ਰਹਿਣ ਦਾ ਸਿਲਸਿਲਾ ਟੁੱਟ ਗਿਆ ਸੀ, ਪਰ ਉਨ੍ਹਾਂ ਨੇ ਪੂਰੇ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਨੀਰਜ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਵੀ ਦਿੱਤਾ ਗਿਆ ਹੈ।