ਗੈਸ ਸਿਲੰਡਰ ਦਾ ਪਾਈਪ ਫਟਿਆ ਜ਼ੋਰਦਾਰ ਧਮਾਕੇ ਨਾਲ ਕੰਧ ਡਿੱਗੀ ਨੌਜਵਾਨ ਝੁਲਸਿਆ

ਅੰਬਾਲਾ, 14 ਜੁਲਾਈ:- ਅੰਬਾਲਾ ਦੇ ਕੇਸਰੀ ਰੇਲਵੇ ਸਟੇਸ਼ਨ ਲਾਗੇ ਅੱਜ ਸਵੇਰੇ ਇਕ ਘਰ ਵਿਚ ਖਾਣਾ ਗਰਮ ਕਰਦੇ ਸਮੇ ਅਚਾਨਕ ਗੈਸ ਸਿਲੰਡਰ ਦਾ ਪਾਈਪ ਫਟ ਗਿਆ ਜਿਸ ਨਾਲ ਰਸੋਈ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਨਾਲ ਰਸੋਈ ਅਤੇ ਘਰ ਦੀ ਪੱਕੀ ਕੰਧ ਢਹਿ ਗਈ ਅਤੇ ਦੀਪਕ ਨਾਂ ਦਾ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੀਪਕ ਕੁਮਾਰ ਖਾਣਾ ਖਾਣ ਲਈ ਘਰ ਆਇਆ ਸੀ। ਬੰਦ ਰਸੋਈ ਵਿੱਚ ਰੈਗੂਲੇਟਰ ਲਾਗਿਓਂ ਗੈਸ ਲੀਕ ਹੋਣ ਕਾਰਨ ਪਹਿਲਾਂ ਹੀ ਗੈਸ ਦਾ ਦਬਾਅ ਵੱਧ ਗਿਆ ਸੀ। ਜਿਵੇਂ ਹੀ ਦੀਪਕ ਨੇ ਭੋਜਨ ਗਰਮ ਕਰਨ ਲਈ ਅੱਗ ਲਗਾਈ, ਗੈਸ ਨੂੰ ਤੁਰੰਤ ਅੱਗ ਲੱਗ ਗਈ। ਕੁਝ ਸਕਿੰਟਾਂ ਵਿੱਚ ਹੀ ਸਿਲੰਡਰ ਪਾਈਪ ਜ਼ੋਰਦਾਰ ਧਮਾਕੇ ਨਾਲ ਫਟ ਗਿਆ। 
ਇਸ ਧਮਾਕੇ ਵਿਚ ਮਜ਼ਬੂਤ ਪੱਕੀ ਕੰਧ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਅਤੇ ਦਰਵਾਜ਼ਾ ਵੀ ਉੱਖੜ ਕੇ ਡਿਗ ਪਿਆ। ਇਸ ਹਾਦਸੇ ਵਿਚ ਖਾਣਾ ਗਰਮ ਕਰ ਰਿਹਾ ਦਲੀਪ ਕੁਮਾਰ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਹਾਲਤ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਜੀਐਮਸੀਐਚ ਅਤੇ ਉੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਦਲੀਪ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਹ ਪੈਰਾਂ ਤੋਂ ਅਪਾਹਜ ਹੈ। ਹਾਦਸੇ ਸਮੇਂ ਉਹ ਘਰ ਵਿਚ ਇਕੱਲਾ ਸੀ ਕਿਉਂ ਕਿ ਉਸ ਦੀ ਪਤਨੀ ਡਾਕਟਰ ਦੇ ਗਈ ਹੋਈ ਸੀ। ਇਸ ਦੌਰਾਨ ਉਸ ਦਾ ਬੇਟਾ ਦੀਪਕ ਆਇਆ ਅਤੇ ਖਾਣਾ ਗਰਮ ਕਰਨ ਲਈ ਅੰਦਰ ਗਿਆ। ਇਕ ਦਮ ਧਮਾਕਾ ਹੋਇਆ ਅਤੇ ਉਹ ਚੀਕਦਾ ਹੋਇਆ ਬਾਹਰ ਆਇਆ। ਉਸ ਦਾ ਚਿਹਰਾ ਸਾਰਾ ਸੜਿਆ ਹੋਇਆ ਸੀ। ਉਸ ਨੇ ਹਿੰਮਤ ਕਰਕੇ 112 ਤੇ ਫੋਨ ਕੀਤਾ ਜਿਸ ਤੋਂ ਬਾਅਦ ਐਂਬੂਲੈਂਸ ਆ ਗਈ ਜੋ ਉਸ ਨੂੰ ਸਿਵਲ ਹਸਪਤਾਲ ਲੈ ਗਈ। 
ਪਵਨ ਕੁਮਾਰ ਨੇ ਦੱਸਿਆ ਕਿ ਸਿਵਲ ਵਾਲਿਆਂ ਨੇ ਉਸ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕੀਤਾ ਸੀ ਜਿੱਥੋਂ ਉਸ ਨੂੰ ਪੀਜੀਆਈ ਭੇਜ ਦਿੱਤਾ। ਹੁਣ ਦਲੀਪ ਦਾ ਇਲਾਜ ਪੀਜੀਆਈ ਵਿਚ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।