ਚੱਬੇਵਾਲ ਵਿੱਚ ਸਿਹਤ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ

ਮਾਹਿਲਪੁਰ:- ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਚੱਬੇਵਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਫ੍ਰੀ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਲੱਗਭਗ 100 ਤੋਂ ਉਪਰ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਡਾ.ਮਨਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ ਅਤੇ ਸਰਕਾਰ ਦੀ ਇਹ ਕੋਸ਼ਿਸ਼ ਰਹਿੰਦੀ ਹੈ ਵਧੀਆ ਸਿਹਤ ਸਹੂਲਤਾਂ ਆਮ ਲੋਕਾਂ ਦੇ ਦਰਾਂ ਤੱਕ ਮੁਹਈਆ ਕਰਵਾਈਆਂ ਜਾਣ ।  
ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ  ਦਿੱਤੀਆਂ ਗਈਆਂ। ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਐਚ.ਬੀ ਅਤੇ ਆਮ ਬਿਮਾਰੀਆਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ। ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਮੁੱਖ ਮਕਸਦ ਪਿੰਡਾਂ ਵਿੱਚ ਰਹਿੰਦੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਹੈ। 
ਇਸ ਮੌਕੇ ਹਾਜ਼ਰ ਬਲਾਕ ਐਕਸਟੈਨਸ਼ਨ ਐਜੂਕੇਟਰ ਅਮਨਦੀਪ ਸਿੰਘ ਨੇ ਸਰਕਾਰ ਵਲੋਂ ਪੰਜਾਬ ਦੇ ਵਸਨੀਕਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਕੈਂਪ ਵਿੱਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਐਮ.ਐਮ.ਐਸ.ਵਾਈ ਸਰਕਾਰ ਦੀ ਇੱਕ ਪ੍ਰਮੁੱਖ ਸਿਹਤ ਸੰਭਾਲ ਯੋਜਨਾ ਹੈ ਜੋ ਪੰਜਾਬ ਦੇ ਸਾਰੇ ਪ੍ਰਮਾਣਿਤ ਨਾਗਰਿਕਾਂ ਨੂੰ ਨਕਦ ਰਹਿਤ ਦੂਜੇ ਅਤੇ ਤੀਜੇ ਦਰਜੇ ਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ। 
ਇਸ ਯੋਜਨਾ ਤਹਿਤ ਪੰਜਾਬ ਵਾਸੀ 900 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਵੱਧ ਹਸਪਤਾਲਾਂ ਵਿੱਚ ਬਿਨਾਂ ਕਿਸੇ ਵਿੱਤੀ ਪਰੇਸ਼ਾਨੀ ਦੇ ਆਂਪਣਾ ਇਲਾਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਐਮ.ਐਮ.ਐਸ.ਵਾਈ  ਦੇ ਕਾਰਡ ਸਾਰੇ ਕਾਮਨ ਸਰਵਿਸ ਸੈਂਟਰਾਂ ਅਤੇ ਪਿੰਡਾਂ ਵਿੱਚ ਸਪੈਸ਼ਲ ਕੈਂਪ ਲਗਾਕੇ ਮੁਫਤ ਬਣਾਏ ਜਾ ਰਹੇ ਹਨ। ਇਹ ਕਾਰਡ ਬਣਾਉਣ ਲਈ ਅਧਾਰ ਕਾਰਡ ਅਤੇ ਵੋਟਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਉਨਾਂ ਲੋਕਾਂ ਨੂੰ ਸੀ.ਐਸ.ਸੀ ਸੈਂਟਰਾਂ ਅਤੇ ਲੱਗ ਰਹੇ ਸਪੈਸ਼ਲ ਕੈਂਪਾ ਵਿੱਚ ਜਾ ਕੇ ਐਮ.ਐਮ.ਐਸ.ਵਾਈ ਕਾਰਡ ਬਣਾਉਣ ਦੀ ਅਪੀਲ ਕੀਤੀ।
 ਇਸ ਮੌਕੇ  ਐਸ.ਟੀ.ਐਸ ਭੁਪਿੰਦਰ ਕੌਰ ਵਲੋਂ ਲੋਕਾਂ ਨੂੰ ਟੀ.ਬੀ ਦੀ ਬੀਮਾਰੀ ਦੀ ਰੋਕਥਾਮ ਸੰਬੰਧੀ 100 ਦਿਨਾਂ ਟੀ.ਬੀ ਮੁਕਤ ਅਭਿਆਨ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਟੀ.ਬੀ ਹੁਣ ਲਾਇਲਾਜ ਨਹੀ ਹੈ ਅਤੇ ਇਸਦਾ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਲਈ ਮਰੀਜ਼ ਨੂੰ ਹੁਣ ਘਬਰਾਉਣ ਦੀ ਲੋੜ ਨਹੀ।  ਇਸ ਮੁੰਹਿਮ ਤਹਿਤ ਸ਼ਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ-ਰੇ ਸਿਹਤ ਵਿਭਾਗ ਵਲੋਂ ਮੁਫ਼ਤ ਕੀਤੇ ਜਾਂਦੇ ਹਨ। 
ਉਨਾਂ ਕਿਹਾ ਕਿ ਜੇ ਕਿਸੇ ਨੂੰ ਲੰਮੇ ਸਮੇਂ ਤੱਕ ਖੰਘ, (ਅਕਸਰ ਦੋ ਹਫਤਿਆਂ ਤੋਂ ਵੱਧ), ਰਾਤ ਨੂੰ ਬਹੁਤ ਜ਼ਿਆਦਾ ਆਉਂਦਾ, ਹਲਕਾ ਜਾਂ ਮਧਿਅਮ ਦਰਜੇ ਦਾ ਬੁਖਾਰ, ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ, ਅਚਾਨਕ ਜਾਂ ਬਿਨਾਂ ਕਿਸੇ ਕਾਰਨ ਤੋਂ ਭਾਰ ਘਟਣਾ, ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਕਾਰਨ ਛਾਤੀ ਵਿੱਚ ਦਰਦ ਅਤੇ ਤਣਾਅ, ਖੰਘਣ ਦੌਰਾਨ ਖੂਨ ਆਉਣਾ ਆਦਿ ਵਰਗੇ ਲੱਛਣ ਨਜ਼ਰ ਆਉਣ ਤਾਂ ਉਹ ਆਪਣਾ ਟੀ.ਬੀ ਦਾ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਮੇਂ ਸਿਰ ਇਸ ਬੀਮਾਰੀ ਦਾ ਇਲਾਜ ਹੋ ਸਕੇ ।