ਮੁਫ਼ਤ ਹੈਲਮਟ ਯੋਜਨਾ ਪੰਜਾਬ ਲਈ ਬੰਦ ਵਰਤੋਂ ਨਾ ਹੋਣ ਕਾਰਨ ਫਾਊਂਡੇਸ਼ਨ ਨੇ ਲਿਆ ਫੈਸਲਾ

ਪਟਿਆਲਾ:- ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਹੈਲਮਟ ਵੰਡਣ ਦੀ ਪਹਿਲ ਕਰਨ ਵਾਲੀ **ਇੰਡੀਅਨ ਹੈਡ ਇੰਜਰੀ ਪ੍ਰੀਵੈਨਸ਼ਨ ਫਾਊਂਡੇਸ਼ਨ** ਨੇ ਪੰਜਾਬ ਵਿੱਚ ਹੈਲਮਟਾਂ ਦੀ ਵਰਤੋਂ ਨਾ ਹੋਣ ਕਾਰਨ ਭਵਿੱਖ ਵਿੱਚ ਮੁਫ਼ਤ ਹੈਲਮਟ ਮੁਹੱਈਆ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਜੋਧਪੁਰ (ਰਾਜਸਥਾਨ) ਦੇ ਮਹਾਰਾਜਾ ਗਜੇ ਸਿੰਘ ਨੇ ਆਪਣੇ ਪੁੱਤਰ ਸ਼ਿਵਰਾਜ ਸਿੰਘ ਦੇ ਸਾਲ 2015 ਵਿੱਚ ਸੜਕ ਹਾਦਸੇ ਦੌਰਾਨ ਸਿਰ 'ਤੇ ਗੰਭੀਰ ਸੱਟ ਲੱਗਣ ਅਤੇ ਲੰਬੇ ਇਲਾਜ ਤੋਂ ਬਾਅਦ ਸਿਹਤਯਾਬ ਹੋਣ ਉਪਰੰਤ ਇੰਡੀਅਨ ਹੈਡ ਇੰਜਰੀ ਪ੍ਰੀਵੈਨਸ਼ਨ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਫਾਊਂਡੇਸ਼ਨ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਦੋਪਹੀਆ ਵਾਹਨ ਚਾਲਕਾਂ ਨੂੰ ਮਿਆਰੀ ਹੈਲਮਟ ਮੁਫ਼ਤ ਵੰਡੇ ਜਾਂਦੇ ਰਹੇ ਹਨ।
ਇਸੇ ਤਹਿਤ ਪਟਿਆਲਾ ਵਿੱਚ ਵੀ 1,000 ਹੈਲਮਟ ਵਿਦਿਆਰਥੀਆਂ ਦੇ ਮਾਪਿਆਂ ਅਤੇ 1,000 ਹੈਲਮਟ ਵਿਦਿਆਰਥੀਆਂ ਲਈ ਭੇਜੇ ਗਏ ਸਨ। ਸਾਬਕਾ ਪੁਲਿਸ ਅਧਿਕਾਰੀ ਗੁਰਜਾਪ ਸਿੰਘ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਵੱਖ-ਵੱਖ ਸਕੂਲਾਂ ਵਿੱਚ ਸਮਾਗਮ ਕਰਵਾ ਕੇ ਯੋਗ ਪਰਿਵਾਰਾਂ ਨੂੰ ਹੈਲਮਟ ਵੰਡੇ। ਇਸ ਮੌਕੇ ਸੜਕ ਸੁਰੱਖਿਆ, ਟ੍ਰੈਫਿਕ ਨਿਯਮਾਂ ਅਤੇ ਹੈਲਮਟ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਹੈਲਮਟ ਦੀ ਨਿਯਮਤ ਵਰਤੋਂ ਕਰਨ ਦਾ ਸੰਕਲਪ ਵੀ ਦਿਵਾਇਆ ਗਿਆ।
ਹਾਲਾਂਕਿ, ਫਾਊਂਡੇਸ਼ਨ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਵੰਡੇ ਗਏ ਬਹੁਤ ਸਾਰੇ ਹੈਲਮਟਾਂ ਦੀ ਵਰਤੋਂ ਨਹੀਂ ਕੀਤੀ ਗਈ। ਇਸ ਕਾਰਨ ਜਦੋਂ ਪੰਜਾਬ ਲਈ ਹੋਰ ਹੈਲਮਟਾਂ ਦੀ ਮੰਗ ਕੀਤੀ ਗਈ ਤਾਂ ਫਾਊਂਡੇਸ਼ਨ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਫਾਊਂਡੇਸ਼ਨ ਦਾ ਮੰਨਣਾ ਹੈ ਕਿ ਲੋਕ ਦੋਪਹੀਆ ਵਾਹਨਾਂ ਅਤੇ ਇੰਧਨ 'ਤੇ ਵੱਡੀ ਰਕਮ ਖਰਚ ਕਰਦੇ ਹਨ, ਪਰ ਆਪਣੀ ਸੁਰੱਖਿਆ ਲਈ ਹੈਲਮਟ ਪਹਿਨਣ ਨੂੰ ਲੋੜੀਂਦੀ ਤਰਜੀਹ ਨਹੀਂ ਦਿੰਦੇ।
ਸਮਾਜ ਸੇਵੀਆਂ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਸਿਰਫ਼ ਹੈਲਮਟ ਵੰਡਣਾ ਹੀ ਕਾਫ਼ੀ ਨਹੀਂ, ਸਗੋਂ ਬਚਪਨ ਤੋਂ ਹੀ ਵਿਦਿਆਰਥੀਆਂ ਅਤੇ ਨਾਗਰਿਕਾਂ ਵਿੱਚ ਟ੍ਰੈਫਿਕ ਨਿਯਮਾਂ, ਕਾਨੂੰਨਾਂ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਣਾ ਚਾਹੀਦਾ ਹੈ ਅਤੇ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ।
ਉਨ੍ਹਾਂ ਅਪੀਲ ਕੀਤੀ ਕਿ ਸੜਕ ਸੁਰੱਖਿਆ ਨੂੰ ਲੋਕ ਅੰਦੋਲਨ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਯੋਗਦਾਨ ਪਾਉਣਾ ਹੋਵੇਗਾ, ਤਾਂ ਜੋ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਗੰਭੀਰ ਸੱਟਾਂ ਵਿੱਚ ਪ੍ਰਭਾਵਸ਼ਾਲੀ ਕਮੀ ਲਿਆਂਦੀ ਜਾ ਸਕੇ।