36 ਲੱਖ ਰੁਪਏ ਦੀ ਮਾਰੀ ਠੱਗੀ, ਅਮਰੀਕਾ ਦਾ ਝਾਂਸਾ ਦੇ ਕੇ ਭੇਜ ਦਿੱਤਾ ਦੁਬਈ

ਪਟਿਆਲਾ, 13 ਦਸੰਬਰ - ਥਾਣਾ ਸਦਰ ਪਟਿਆਲਾ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 36 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਸੰਗਰੋਲੀ ਜ਼ਿਲ੍ਹਾ ਕੈਥਲ (ਹਰਿਆਣਾ) ਦੇ ਗੁਰਸ਼ਰਨ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਪਿੰਡ ਪਨੌਦੀਆਂ ਦੇ ਗੁਰਸੇਵਕ ਸਿੰਘ ਤੇ ਬਲਦੇਵ ਸਿੰਘ ਅਤੇ ਦੋਦੜਾ ਸਾਹਿਬ (ਬੁਢਲਾਡਾ) ਦੇ ਜੱਜਪਾਲ ਸਿੰਘ ਨੇ ਰਲਕੇ ਧੋਖੇ ਤਹਿਤ ਬਲਜੀਤ ਸਿੰਘ, ਜੋ ਮੁੱਦਈ ਦਾ ਗੁਆਂਢੀ ਹੈ, ਦੇ ਲੜਕੇ ਅਭਿਸ਼ੇਕ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸਤੋਂ 36 ਲੱਖ ਰੁਪਏ ਵਸੂਲ ਕੀਤੇ ਪਰ ਲੜਕੇ ਨੂੰ ਅਮਰੀਕਾ ਦੀ ਥਾਂ ਦੁਬਈ ਭੇਜ ਦਿੱਤਾ। ਮੁੱਦਈ ਨੇ ਦਰਜ ਕਰਵਾਇਆ ਹੈ ਕਿ ਬਲਜੀਤ ਸਿੰਘ ਉਸਦਾ ਗੁਆਂਢੀ ਅਤੇ ਜੱਜਪਾਲ ਸਿੰਘ ਉਸਦਾ ਗੁਰ ਭਾਈ ਹੈ। ਦੋਸ਼ੀ ਨੇ ਮੁੱਦਈ ਦੇ ਘਰ ਆ ਕੇ ਅਭਿਸ਼ੇਕ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਸੀ। ਬਲਜੀਤ ਸਿੰਘ ਤੇ ਉਸਦੇ ਲੜਕੇ ਨਾਲ ਧੋਖਾ ਕਰਨ 'ਤੇ ਤਿੰਨੇ ਦੋਸ਼ੀਆਂ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 406, 420, 120-ਬੀ ਤੇ 506 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਕੋਤਵਾਲੀ : ਤ੍ਰਿਵੈਣੀ ਚੌਕ ਪਟਿਆਲਾ ਦੇ ਪ੍ਰਵੀਨ ਬਾਂਸਲ ਨੇ ਵਿਨੈ ਮਹਿਤਾ ਨਾਮੀਂ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ ਕਿ ਉਸਨੇ ਉਸਦੀ ਦੁਕਾਨ 'ਤੇ ਆ ਕੇ 1,52,429 ਰੁਪਏ ਦੀਆਂ ਕਾਪੀਆਂ ਅਤੇ ਰਜਿਸਟਰ ਖ਼ਰੀਦੇ ਪਰ ਅਜੇ ਤਕ ਉਸਦੀ ਅਦਾਇਗੀ ਨਹੀਂ ਕੀਤੀ। ਪੇਮੈਂਟ ਲਈ ਕਈ ਵਾਰ ਫੋਨ ਵੀ ਕੀਤਾ ਪਰ ਦੋਸ਼ੀ ਲਾਰੇ ਹੀ ਲਾਉਂਦਾ ਰਿਹਾ। ਥਾਣਾ ਕੋਤਵਾਲੀ ਨੇ ਐਨ ਡੀ ਪੀ ਐਸ ਤਹਿਤ ਦੋ ਹੋਰ ਮਾਮਲੇ ਵੀ ਦਰਜ ਕੀਤੇ ਹਨ। ਐਸ ਆਈ ਸੰਦੀਪ ਕੌਰ ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਢੇਹਾ ਬਸਤੀ ਦੇ ਰਾਜਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 33 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਐਸ ਆਈ ਪੂਰਨ ਸਿੰਘ ਤੇ ਪੁਲਿਸ ਪਾਰਟੀ ਨੇ ਸਨੌਰੀ ਅੱਡੇ ਨੇੜਲੇ ਰੋੜੀ ਕੁੱਟ ਮੁਹੱਲੇ ਅਜੇ ਕੁਮਾਰ ਦੇ ਕਬਜ਼ੇ 'ਚੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਐਨ ਡੀ ਪੀ ਐਸ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਵੂਮੈਨ ਥਾਣਾ : ਵੂਮੈਨ  ਥਾਣੇ ਨੇ ਦਾਜ-ਦਹੇਜ ਲਈ ਤੰਗ ਕਰਨ ਦੇ ਦੋ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਜ਼ਿਲ੍ਹੇ ਦੇ ਪਿੰਡ ਲੁਬਾਣਾ ਟੇਕੂ (ਥਾਣਾ ਸਦਰ ਨਾਭਾ) ਦੀ ਸੋਨੀਆ ਨੇ ਪਿੰਡ ਮਾਲੋਮਾਜਰਾ ਦੇ ਰਿੰਪੀ ਰਾਮ, ਜਿਸ ਨਾਲ ਉਸਦਾ ਵਿਆਹ 2010 ਵਿੱਚ ਹੋਇਆ ਸੀ, ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਤਹਿਤ ਪਿੰਡ ਸੁਨਿਆਰਹੇੜੀ ਦੀ ਨਰਿੰਦਰ ਕੌਰ ਨੇ ਪਿੰਡ ਮੁਗਲ ਸਰਾਏ (ਥਾਣਾ ਸ਼ੰਭੂ) ਦੇ ਕੁਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਕਿ ਉਹ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਇਨ੍ਹਾਂ ਦੋਵਾਂ ਦਾ 2008 ਵਿੱਚ ਵਿਆਹ ਹੋਇਆ ਸੀ।