ਅੰਬਾਲਾ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਅੰਬਾਲਾ, 19 ਜਨਵਰੀ:- ਅੰਬਾਲਾ ਦੇ ਚਾਰ ਨਾਮਵਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਇਹ ਈਮੇਲ ਸੋਮਵਾਰ ਸਵੇਰੇ 8:22 ਵਜੇ ਆਈ ਹੈ ਅਤੇ ਇਸ ਵਿਚ ਬੰਬ ਨਾਲ ਸਕੂਲਾਂ ਨੂੰ ਉਡਾਉਣ ਦਾ ਸਮਾਂ 2 ਵੱਜ ਕੇ 11 ਮਿੰਟ ਦਿੱਤਾ ਗਿਆ ਹੈ। ਇਸ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੇ।
ਜਾਣਕਾਰੀ ਮਿਲਦੇ ਹੀ ਪੁਲੀਸ ਵਿਭਾਗ ਅਲਰਟ ਮੋਡ 'ਤੇ ਚਲਾ ਗਿਆ ਹੈ ਅਤੇ ਜਲਦਬਾਜ਼ੀ ਵਿੱਚ ਸਕੂਲਾਂ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵੇਲੇ ਅੰਬਾਲਾ ਸ਼ਹਿਰ ਦੇ ਐਸਏ ਜੈਨ ਮਾਡਲ ਸਕੂਲ ਅਤੇ ਪੁਲੀਸ ਡੀਏਵੀ ਰਿਵਰਸਾਈਡ ਅੰਬਾਲਾ ਕੈਂਟ, ਕੇਂਦਰੀ ਵਿਦਿਆਲਿਆ ਨੰਬਰ 1 ਸਕੂਲ ਦੇ ਨਾਮ ਸਾਹਮਣੇ ਆਏ ਹਨ। ਕੁਝ ਹੋਰ ਸਕੂਲਾਂ ਨੂੰ ਵੀ ਇਹ ਈ-ਮੇਲ ਮਿਲੀ ਹੈ।
ਡੀਏਵੀ ਰਿਵਰ ਸਾਈਡ ਸਕੂਲ ਦੀ ਪ੍ਰਿੰਸੀਪਲ ਸੀਮਾ ਦੱਤ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਨ੍ਹਾਂ ਨੂੰ ਮੇਲ ਸਵੇਰੇ 8 ਵੱਜ ਕੇ 22 ਮਿੰਟ ਤੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਆਪਣੇ ਬੱਚਿਆਂ ਨੂੰ 26 ਜਨਵਰੀ ਦੇ ਪ੍ਰੋਗਰਾਮ ਵਿਚ ਨਾ ਭੇਜੋ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕੀਤਾਂ ਸੀ ਅਤੇ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਸੀ ਕਿ ਮੁਲਾਜ਼ਮ ਸਿਵਲ ਵਰਦੀ ਵਿਚ ਹੀ ਸਕੂਲ ਜਾਂਚ ਲਈ ਆਉਣ ਤਾਂ ਕਿ ਬੱਚਿਆਂ ਵਿਚ ਕੋਈ ਦਹਿਸ਼ਤ ਨਾ ਫੈਲੇ।
ਸੀਮਾ ਨੇ ਦੱਸਿਆ ਕਿ ਪੁਲੀਸ ਸਕੂਲ ਆ ਕੇ ਜਾਂਚ ਕਰ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਪੱਧਰ ਤੇ ਬੱਚਿਆ ਦੇ ਬੈਗ ਵੀ ਚੈੱਕ ਕੀਤੇ ਹਨ। ਮਹੇਸ਼ ਨਗਰ ਥਾਣੇ ਦੇ ਐਸਐਚਓ ਜਤਿੰਦਰ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਕੂਲ ਵਿਚ ਜਾ ਕੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਅਤੇ ਸਕੂਲ ਦੇ ਬਾਹਰ ਪੀਸੀਆਰ ਤੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।
ਦੂਜੇ ਪਾਸੇ ਕੇਂਦਰੀ ਵਿਦਿਆਲਾ ਨੰਬਰ-1 ਸੈਨਾ ਖੇਤਰ ਵਿਚ ਹੋਣ ਕਰਕੇ ਤੁਰੰਤ ਸਕੂਲ ਦੇ ਬਾਹਰ ਸੈਨਾ ਦੇ ਜਵਾਨ ਖੜੇ ਕਰ ਦਿੱਤੇ ਗਏ ਅਤੇ ਕਲਾਸ ਰੂਮ ਤੋਂ ਲੈ ਕੇ ਮੈਦਾਨ ਅਤੇ ਕੈਂਪਸ ਵਿਚ ਖੜ੍ਹੇ ਵਾਹਨਾਂ ਦੀ ਜਾਂਚ ਮੁਹਿੰਮ ਚਲਾਈ ਗਈ ਹੈ।
ਧਮਕੀ ਦੀ ਮੇਲ ਮਿਲਣ ਤੋਂ ਬਾਅਦ ਅਜੇ ਤੱਕ ਸਕੂਲ ਪ੍ਰਬੰਧਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਵਿਚ ਛੁੱਟੀ ਕਰਨ ਦੇ ਕੋਈ ਅਧਿਕਾਰਕ ਹੁਕਮ ਜਾਰੀ ਨਹੀਂ ਕੀਤੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।ਮੁੱਢਲੀ ਜਾਂਚ ਵਿਚ ਇਸ ਧਮਕੀ ਨੂੰ ਕਿਸੇ ਦੀ ਸ਼ਰਾਰਤ ਮੰਨਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਪੁਲੀਸ ਕਿਸੇ ਤਰਾਂ ਦਾ ਕੋਈ ਖ਼ਤਰਾ ਮੁੱਲ ਲੈਣਾ ਨਹੀਂ ਚਾਹੁੰਦੀ। ਸੂਤਰਾਂ ਅਨੁਸਾਰ ਅਜਿਹੀ ਈ-ਮੇਲ ਆਰਮੀ ਸਕੂਲ ਕੋਲ ਵੀ ਪਹੁੰਚ ਗਈ ਹੈ।
