ਫੁੱਟਬਾਲ ਖਿਡਾਰੀਆਂ ਅਤੇ ਕੋਚਾਂ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਤਕਸੀਮ ਕੀਤੀ
ਮਾਹਿਲਪੁਰ, 25 ਅਕਤੂਬਰ- ਭਾਰਤੀ ਟੀਮ ਦੇ ਸਾਬਕਾ ਕਪਤਾਮ ਰਹੇ ਦੇਸ਼ ਦੇ ਉੱਘੇ ਫੁੱਟਬਾਲਰ ਮਰਹੂਮ ਮਨਜੀਤ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਫੁੱਟਬਾਲ ਖਿਡਾਰੀਆਂ ਅਤੇ ਕੋਚਾਂ ਦੀਆਂ ਸ਼ਾਨਦਾਰ ਸੇਵਾਵਾਂ ਪ੍ਰਤੀ ਸਨਮਾਨ ਹਿਤ ਆਰੰਭ ਕੀਤਾ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਮਨਜੀਤ ਮੈਮੋਰੀਅਲ ਸਾਲਾਨਾ ਫੁੱਟਬਾਲ ਐਵਾਰਡ ਸਮਾਰੋਹ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮੇਤ ਅਨੇਕਾਂ ਮਾਣ ਸਨਮਾਨ ਹਾਸਿਲ ਕਰਨ ਵਾਲੇ ਖੈਰੜ ਅੱਛਰਵਾਲ ਦੇ ਖਿਡਾਰੀ ਮਨਜੀਤ ਸਿੰਘ ਨੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸਮੇਤ ਅਨੇਕਾਂ ਕਲੱਬਾਂ ਵਿੱਚ ਸ਼ਾਨਦਾਰ ਖਿਡਾਰੀ ਵਜੋਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਦੀ ਯਾਦ ਵਿੱਚ ਪਰਿਵਾਰਕ ਮੈਂਬਰਾਂ ਵਲੋਂ ਸ. ਰਵਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਫੁੱਟਬਾਲ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਫੁੱਟਬਾਲ ਖਿਡਾਰੀਆਂ ਅਤੇ ਕੋਚਾਂ ਨੂੰ ਪਿਛਲੇ ਸਾਲ ਤੋਂ ਇਕ ਲੱਖ ਰੁਪਏ ਦੀ ਸਾਲਾਨਾ ਇਨਾਮੀ ਰਾਸ਼ੀ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਕਾਲਜ ਵਿੱਚ ਕਰਵਾਏ ਇਸ ਦੂਜੇ ਸਨਮਾਨ ਸਮਾਰੋਹ ਵਿੱਚ ਪ੍ਰਧਾਨਗੀ ਮੰਡਲ ਵਿੱਚ ਅਰਜੁਨਾ ਐਵਾਰਡ ਜੇਤੂ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਖਜਾਨਚੀ ਵੀਰਇੰਦਰ ਸ਼ਰਮਾ, ਪਿ੍ਰੰ ਡਾ ਪਰਵਿੰਦਰ ਸਿੰਘ, ਸ. ਰਵਿੰਦਰ ਸਿੰਘ ਧਾਮੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਦਸ ਫੁੱਟਬਾਲ ਖਿਡਾਰੀਆਂ ਅਤੇ ਚਾਰ ਕੋਚਾਂ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਤਕਸੀਮ ਕੀਤੀ। ਫੁੱਟਬਾਲ ਦੀ ਸਿਖਲਾਈ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕੋਚ ਹਰਿੰਦਰ ਸਨੀ, ਕੋਚ ਬੰਦਨਾ ਸਿੰਘ, ਕੋਚ ਝਲਮਣ ਸਿੰਘ ਅਤੇ ਕੋਚ ਦਲਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਨੇ ਮਰਹੂਮ ਖਿਡਾਰੀ ਮਨਜੀਤ ਸਿੰਘ ਦੀ ਯਾਦ ਵਿੱਚ ਸ਼ੁਰੂ ਕੀਤੇ ਇਸ ਸਨਮਾਨ ਲਈ ਪਰਿਵਾਰਕ ਮੈਂਬਰਾਂ ਦੇ ਉੱਦਮ ਦੀ ਸ਼ਲਾਘਾ ਕੀਤੀ।
ਪਿ੍ਰਸੀਪਲ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਪ੍ਰਸਿੱਧ ਫੁੱਟਬਾਲ ਪ੍ਰਮੋਟਰ ਪਿ੍ਰੰ ਜਗਮੋਹਨ ਸਿੰਘ, ਫੁੱਟਬਾਲ ਖਿਡਾਰੀ ਮਦਨ ਲਾਲ, ਗੁਰਦਿਆਲ ਸਿੰਘ ਕਹਾਰਪੁਰ, ਲੈਕਚਰਾਰ ਸੌਦਾਗਰ ਸਿੰਘ, ਲੈਕਚਰਾਰ ਹਰਭਜਨ ਸਿੰਘ ਅਜਨੋਹਾ, ਪਵਨ ਕੁਮਾਰ, ਪ੍ਰੋ ਰਾਜ ਕੁਮਾਰ ਆਦਿ ਸਮੇਤ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
