ਫੂਡ ਸੇਫਟੀ ਟੀਮਾਂ ਵੱਲੋਂ ਵੱਖਵੱਖ ਸਕੂਲਾਂ ਵਿੱਚ ਮਿਡਡੇਅ ਮੀਲ ਦਾ ਨਿਰੀਖਣ

ਹੁਸ਼ਿਆਰਪੁਰ:- ਸਿਵਲ ਸਰਜਨ ਡਾ.ਬਲਬੀਰ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਡ-ਡੇ-ਮੀਲ ਦਾ ਜਾਇਜ਼ਾ ਲੈਣ ਲਈ ਸਿਹਤ ਵਿਭਾਗ ਵਲੋਂ 2 ਨਿਰੀਖਣ ਟੀਮਾਂ ਬਣਾਈਆਂ ਗਈਆਂ, ਜਿਹਨਾ ਵਲੋਂ ਹੁਸ਼ਿਆਰਪੁਰ ਸ਼ਹਿਰੀ ਇਲਾਕਿਆਂ ਅਤੇ ਮਾਹਿਲਪੁਰ ਖੇਤਰ ਦੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਮਾਂਹ ਦੀ ਦਾਲ, ਚਨਾ ਦਾਲ ਅਤੇ ਚਾਵਲ ਦੇ 3 ਸੈਂਪਲ ਭਰੇ ਗਏ।
ਸ਼ਹਿਰੀ ਇਲਾਕਿਆਂ ਦੇ ਸਕੂਲਾਂ ਵਿਚ ਮਿਡ-ਡੇ-ਮੀਲ ਚੈਕਿੰਗ ਲਈ ਜਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਅਤੇ ਸਹਾਇਕ ਸਿਵਲ ਸਰਜਨ ਡਾ. ਅਜੈ ਬਸਰਾ ਦੀ ਟੀਮ ਵਲੋਂ ਵੱਲੋਂ ਸ਼ਹਿਰ ਹੁਸ਼ਿਆਰਪੁਰ ਵਿੱਚ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਲਈ ਬਣ ਰਹੇ ਮਿਡ-ਡੇ-ਮੀਲ ਦਾ ਜਾਇਜ਼ਾ ਲਿਆ ਗਿਆ ਅਤੇ ਖਾਣਾ ਤਿਆਰ ਕਰਨ ਸਮੇਂ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਬਾਰੇ ਜਾਗਰੂਕ ਕੀਤਾ ਗਿਆ।
ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਮਾਹਿਲਪੁਰ ਇਲਾਕੇ ਵਿਚ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਇਸ਼ਾਨ ਬਾਂਸਲ ਵਲੋਂ ਵੀ ਸਰਕਾਰੀ ਸਕੂਲਾਂ ਵਿਚ ਜਾ ਕੇ ਮਿਡ ਡੇ ਮੀਲ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ।
ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਵਲੋਂ ਮਿਡ-ਡੇ-ਮੀਲ ਤਿਆਰ ਕਰਨ ਵਾਲੀਆਂ ਵਰਕਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਭੋਜਨ ਤਿਆਰ ਕਰਨ ਵਾਲੀ ਜਗ੍ਹਾ ਦੀ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। 
ਸਤਹਾਂ ਨੂੰ ਸਾਫ ਕਰਨ ਅਤੇ ਭਾਂਡਿਆਂ ਨੂੰ ਪੂੰਝਣ ਲਈ ਸਾਫ ਅਤੇ ਵੱਖਰੇ ਡਸਟਰਾਂ ਦੀ ਵਰਤੋਂ ਕੀਤੀ ਜਾਵੇ। ਭੋਜਨ ਦੀ ਰਹਿੰਦ-ਖੂੰਹਦ ਲਈ ਵੱਖਰੇ ਅਤੇ ਢੱਕੇ ਹੋਏ ਡਸਟਬਿਨ ਦੀ ਵਰਤੋਂ ਕੀਤੀ ਜਾਵੇ। ਸਾਰੀਆਂ ਖਾਣ-ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣਾ ਯਕੀਨੀ ਬਣਾਈ ਜਾਵੇ।
 ਉਹਨਾਂ ਕਿਹਾ ਕਿ ਭੋਜਨ ਨੂੰ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ, ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਖੰਘਣ, ਛਿੱਕਣ ਆਦਿ ਤੋਂ ਬਾਅਦ ਹੱਥ ਜਰੂਰ ਧੋਤੇ ਜਾਣ। ਉਹਨਾਂ ਹੱਥਾਂ ਦੀ ਸਾਫ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਤੇ ਜ਼ੋਰ ਦਿੱਤਾ। ਉਹਨਾਂ ਮਿਡ-ਡੇ-ਮੀਲ ਤਿਆਰ ਕਰਨ ਲਈ ਐੱਫਐਸਐਸਏਆਈ ਦੇ ਨਿਯਮਾਂ ਦੀ ਪਾਲਣਾ ਲਈ ਜਰੂਰ ਕਰਨ ਦੇ ਨਿਰਦੇਸ਼ ਦਿੱਤੇ। 
ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤਮੰਦ ਤੰਦਰੁਸਤ ਜਿੰਦਗੀ ਲਈ ਜਰੂਰੀ ਹੈ ਕਿ ਉਹ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ।