ਸ਼ਹੀਦੀ ਜੋੜ ਮੇਲਾ 2025 ਵਿਖੇ ਫਸਟ ਏਡ ਪੋਸਟ
ਪਟਿਆਲਾ:- ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀ ਬੇਨਤੀ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਟਿਆਲਾ ਦੀ ਪ੍ਰਵਾਨਗੀ ਅਨੁਸਾਰ ਭਾਈ ਘਨੱਇਆ ਸੈਂਟ ਜੌਨ ਐਂਬੂਲੈਂਸ ਬ੍ਰਿਗੇਡ, ਪਟਿਆਲਾ ਦੀ ਮੈਡੀਕਲ ਫਸਟ ਏਡ ਟੀਮ ਸਮੇਤ ਐਂਬੂਲੈਂਸ ਵੈਨ ਸ੍ਰੀ ਹਰਿੰਦਰ ਸਿੰਘ ਕਰੀਰ (ਅਸਿਸਟੈਂਟ ਕਮਿਸ਼ਨਰ (ਸੈਂਟ ਜੌਨ) ਅਤੇ ਕੋਰ ਕਮਾਂਡਰ (ਭਾਈ ਘਨੱਇਆ ਕੋਰ)) ਦੀ ਅਗਵਾਈ ਵਿੱਚ ਸ਼ਹੀਦੀ ਜੋੜ ਮੇਲਾ 2025 ਸਮੇਂ 25.12.2025 ਤੋਂ 28.12.2025 ਤੱਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਭੇਜੀ ਗਈ।
ਇਸ ਟੀਮ ਵੱਲੋਂ ਜੋੜ ਮੇਲੇ ਸਮੇਂ ਦਿਨ ਰਾਤ ਮੈਡੀਕਲ ਪੋਸਟ ਲਗਾਈ ਗਈ। ਵੈਦ ਹਰਮੇਸ਼ ਸਿੰਘ ਨੇ ਫਸਟ ਏਡ ਪੋਸਟ ਵਾਸਤੇ ਆਪਣੇ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਮਰੀਜ਼ਾਂ ਨੂੰ ਚੈੱਕਅੱਪ ਕੀਤਾ। ਫਸਟ ਏਡ ਪੋਸਟ ਤੇ ਸ੍ਰੀ ਕੇ.ਕੇ. ਬਾਂਸਲ, ਸ੍ਰੀ ਜਸਪਾਲ ਸਿੰਘ ਡਿਵੀਜ਼ਨਲ ਕਮਾਂਡਰ ਅਤੇ ਸ੍ਰੀ ਰਣਜੀਤ ਸਿੰਘ ਐਂਬੂਲੈਂਸ ਅਫ਼ਸਰ ਇੰਚਾਰਜ ਸਨ।
ਬ੍ਰਿਗੇਡ ਮੈਂਬਰਾਂ ਵੱਲੋਂ ਦਿਨ ਰਾਤ ਫਸਟ ਏਡ ਪੋਸਟ ਤੇ 4526 ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਪੱਟੀਆਂ ਆਦਿ ਕੀਤੀਆਂ ਗਈਆਂ। ਜ਼ਿਆਦਾ ਜ਼ਖ਼ਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਆਪਣੇ ਮਾਤਾ-ਪਿਤਾ ਤੋਂ ਬਿਛੜੇ ਹੋਏ 4 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪਿਆ ਗਿਆ।
ਸਿਵਲ ਸਰਜਨ, ਫਤਹਿਗੜ੍ਹ ਸਾਹਿਬ ਨੇ ਫਸਟ ਏਡ ਪੋਸਟ ਦਾ ਮੁਆਇਨਾ ਕੀਤਾ ਅਤੇ ਬ੍ਰਿਗੇਡ ਦੇ ਮੈਂਬਰਾਂ ਦੀ ਪ੍ਰਸੰਸਾ ਕੀਤੀ। ਮੈਨੇਜਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਨੇ ਵੀ ਸੈਂਟ ਜੌਨ ਐਂਬੂਲੈਂਸ ਬ੍ਰਿਗੇਡ, ਪਟਿਆਲਾ ਦੇ ਮੈਂਬਰਾਂ ਸ੍ਰੀ ਹਰਿੰਦਰ ਸਿੰਘ ਕਰੀਰ ਇੰਚਾਰਜ, ਵੈਦ ਹਰਮੇਸ਼ ਸਿੰਘ, ਸ੍ਰੀ ਕੇ.ਕੇ. ਬਾਂਸਲ, ਸ੍ਰੀ ਜਸਪਾਲ ਸਿੰਘ, ਸ੍ਰੀ ਰਣਜੀਤ ਸਿੰਘ, ਸ੍ਰੀ ਰਜੇਸ਼ ਕੁਮਾਰ, ਬਲਵੀਰ ਸਿੰਘ, ਸ੍ਰੀ ਧਰਮਪਾਲ, ਸ੍ਰੀ ਪਰਮਜੀਤ ਸਿੰਘ, ਸ੍ਰੀ ਗੁਰਕੀਰਤ ਸਿੰਘ, ਸ੍ਰੀ ਸੰਮਸੇਰ ਸਿੰਘ, ਸ੍ਰੀ ਸੰਜੀਵ ਕੁਮਾਰ ਫਾਰਮਾਸਿਸਟ ਅਤੇ ਸ੍ਰੀ ਬਲਵਿੰਦਰ ਸਿੰਘ ਵੱਲੋਂ ਸ਼ਹੀਦੀ ਜੋੜ ਮੇਲਾ 2025 ਦੌਰਾਨ ਕੀਤੀ ਸੇਵਾ ਦੀ ਸਲਾਘਾ ਕੀਤੀ।
ਸ੍ਰੀ ਪ੍ਰਿਤਪਾਲ ਸਿੰਘ, ਸਕੱਤਰ ਨੇ ਦੱਸਿਆ ਕਿ ਭਾਈ ਘਨੱਇਆ ਐਂਬੂਲੈਂਸ ਬ੍ਰਿਗੇਡ ਦੇ ਮੈਂਬਰ ਬੜੀ ਲਗਨ ਨਾਲ ਵੱਖ-ਵੱਖ ਸਮਾਗਮਾਂ ਵਿੱਚ ਫਸਟ ਏਡ ਪੋਸਟਾਂ ਲਗਾਉਂਦੇ ਹਨ। ਅਚਾਨਕ ਦੁਰਘਟਨਾ ਸਮੇਂ ਪਹੁੰਚ ਕੇ ਜ਼ਖ਼ਮੀ ਵਿਅਕਤੀਆਂ ਦੀ ਮਲ੍ਹਮ-ਪੱਟੀ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਹਸਪਤਾਲ ਪਹੁੰਚਾਉਂਦੇ ਹਨ।
