ਟਾਹਲੀਵਾਲ ਵਿੱਚ ਫਾਇਰ ਸੇਫਟੀ ਹਫ਼ਤੇ ਦੀ ਸ਼ੁਰੂਆਤ ਅੱਗ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ
ਹਰੋਲੀ/ਊਨਾ, 15 ਅਪ੍ਰੈਲ (ਰਾਜਵੀਰ ਚੋਪੜਾ):- ਹਰੋਲੀ ਵਿਧਾਨ ਸਭਾ ਖੇਤਰ ਦੇ ਉਦਯੋਗਿਕ ਇਲਾਕੇ ਟਾਹਲੀਵਾਲ ਵਿੱਚ ਅੱਗ ਬੁਝਾਉ ਵਿਭਾਗ ਵੱਲੋਂ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਫਾਇਰ ਸੇਫਟੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਅੱਗ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਅਭਿਆਨ ਸ਼ਿਮਲਾ ਸਥਿਤ ਮੁੱਖ ਦਫ਼ਤਰ ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਚਲਾਇਆ ਜਾ ਰਿਹਾ ਹੈ, ਜਿਸਦਾ ਮੁੱਖ ਉਦੇਸ਼ ਆਮ ਜਨਤਾ ਨੂੰ ਅੱਗ ਸੁਰੱਖਿਆ ਪ੍ਰਤੀ ਸਚੇਤ ਕਰਨਾ ਹੈ।
ਫਾਇਰ ਪੋਸਟ ਟਾਹਲੀਵਾਲ ਦੇ ਇੰਚਾਰਜ ਐਲਐਫਐਮ ਸੁਨੀਲ ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਸਕੂਲਾਂ, ਹਸਪਤਾਲਾਂ, ਭੀੜਭਾੜ ਵਾਲੀਆਂ ਥਾਵਾਂ ਅਤੇ ਬਾਜ਼ਾਰਾਂ ਵਿੱਚ ਖ਼ਾਸ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਅੱਗ ਲੱਗਣ ਦੇ ਕਾਰਣਾਂ, ਉਸ ਤੋਂ ਬਚਾਅ ਦੇ ਤਰੀਕਿਆਂ ਅਤੇ ਐਮਰਜੈਂਸੀ ਸਮੇਂ ਕੀਤੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਬੁੱਧਵਾਰ ਨੂੰ ਟਾਹਲੀਵਾਲ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਅੱਗ ਬੁਝਾਉ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਤੁਰੰਤ ਸਹੀ ਕਦਮ ਚੁੱਕਣ ਅਤੇ ਸੰਬੰਧਿਤ ਵਿਭਾਗ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ। ਨਾਲ ਹੀ ਅੱਗ ਤੋਂ ਬਚਾਅ ਦੇ ਉਪਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੁਹਿੰਮ ਵਿੱਚ ਐਲਐਫਐਮ ਸੁਨੀਲ ਦੱਤ ਦੇ ਨਾਲ ਐਫਐਮ ਰਵਿੰਦਰ ਸਿੰਘ, ਹਰਮੇਸ਼ ਚੰਦ, ਵਿਜੈ ਕੁਮਾਰ, ਦਰਸ਼ਨ ਕੁਮਾਰ, ਐਚਜੀ ਕਮਲ, ਡੀਵੀਅਰ ਰਾਜੀਵ ਕੁਮਾਰ ਅਤੇ ਡੀਵੀਅਰ ਮਨਿਸ਼ ਕੁਮਾਰ ਸਮੇਤ ਹੋਰ ਕਰਮਚਾਰੀ ਵੀ ਸ਼ਾਮਲ ਰਹੇ।
ਅੱਗ ਬੁਝਾਉ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗ ਨਾਲ ਸੰਬੰਧਿਤ ਕਿਸੇ ਵੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
