ਮੁਹਾਲੀ ਵਿਖੇ ਪੰਜਵਾਂ ਕੇਸਾਧਾਰੀ ਹਾਕੀ ਲੀਗ ਗੋਲਡ ਕੱਪ ਧੂਮ ਧੜੱਕੇ ਨਾਲ ਸ਼ੁਰੂ

ਐਸ.ਏ.ਐਸ. ਨਗਰ, 10 ਨਵੰਬਰ- ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਪੰਜਵਾਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ ਅੰਡਰ-19 ਅੱਜ ਧੂਮ ਧੜੱਕੇ ਨਾਲ ਸ਼ੁਰੂ ਕਰਵਾਇਆ ਗਿਆ। ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਟੂਰਨਾਮੈਂਟ ਦੀ ਸ਼ੁਰੂਆਤ ਦਸਮੇਸ਼ ਗੱਤਕਾ ਦਲ ਯਮੁਨਾਨਗਰ ਦੇ ਜਥੇ ਵੱਲੋਂ ਗੱਤਕੇ ਦੇ ਜੌਹਰ ਦਿਖਾ ਕੇ ਕੀਤੀ ਗਈ। ਇਸ ਛੇ ਰੋਜ਼ਾ ਹਾਕੀ ਗੋਲਡ ਕੱਪ ਦਾ ਉਦਘਾਟਨ ਕਰਨਲ ਜਗਤਾਰ ਸਿੰਘ ਮੁਲਤਾਨੀ ਚੇਅਰਮੈਨ ਕਮ ਮੈਨੇਜਿੰਗ ਟਰੱਸਟੀ (ਜੁਗਰਾਜ ਸਿੰਘ ਗਿੱਲ ਟਰੈਸਟ) ਨੇ ਕੀਤਾ ਅਤੇ ਪ੍ਰਧਾਨਗੀ ਉੱਘੇ ਹਾਕੀ ਲੇਖਕ ਸ. ਇਕਬਾਲ ਸਿੰਘ ਸਰੋਆ ਨੇ ਕੀਤੀ।
ਇਸ ਟੂਰਨਾਮੈਂਟ ਵਿਚ ਐਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਦੀ ਟੀਮ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਸ. ਅਜਮੇਰ ਸਿੰਘ ਖੇੜਾ ਵੱਲੋਂ, ਰਾਊਂਡ ਗਲਾਸ ਮਿਸਲ ਡੱਲੇਵਾਲੀਆ ਦੀ ਟੀਮ ਨੂੰ ਜੁਗਰਾਜ ਸਿੰਘ ਗਿੱਲ ਟਰੱਸਟ ਵੱਲੋਂ, ਸ਼ਾਹਬਾਦ ਹਾਕੀ ਅਕੈਡਮੀ ਮਿਸਲ ਫੂਲਕੀਆਂ ਦੀ ਟੀਮ ਨੂੰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ, ਐਮ.ਬੀ.ਐਸ. ਹਾਕੀ ਅਕੈਡਮੀ ਸਿੰਬਲ ਕੈਂਪ ਜੰਮੂ ਮਿਸਲ ਸਿੰਘ ਸ਼ਹੀਦਾਂ ਦੀ ਟੀਮ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ, ਸੰਗਰੂਰ ਹਾਕੀ ਕਲੱਬ ਰਾਮਗੜ੍ਹੀਆਂ ਮਿਸਲ ਦੀ ਟੀਮ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਨਾਮਧਾਰੀ ਸਪੋਰਟਸ ਅਕੈਡਮੀ ਮਿਸਲ ਨਿਸ਼ਾਨਾਂਵਾਲੀ ਦੀ ਟੀਮ ਨੂੰ ਬਾਬਾ ਗਾਜੀ ਦਾਸ ਕਲੱਬ ਰਜਿ ਰੋਪੜ ਵੱਲੋਂ ਸਪਾਂਸਰ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ 100 ਤੋਂ ਵੱਧ ਹਾਕੀ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਲੈਕਚਰਾਰ ਮੈਡਮ ਰੂਪਪ੍ਰੀਤ ਕੌਰ ਨੇ ਚੁਕਾਈ।
ਕੌਂਸਲ ਦੇ ਪ੍ਰਧਾਨ ਸ: ਜਸਬੀਰ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਇਸ ਟੂਰਨਾਮੈਂਟ ਦੇ ਪਹਿਲੇ ਉਦਘਾਟਨੀ ਮੈਚ ਵਿਚ ਨਾਮਧਾਰੀ ਸਪੋਰਟਸ ਅਕੈਡਮੀ ਮਿਸਲ ਨਿਸ਼ਾਨਾਂਵਾਲੀ ਨੇ ਐਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਨੂੰ 4-3 ਗੋਲਾਂ ਨਾਲ ਮਾਤ ਦਿੱਤੀ। ਇਸ ਮੈਚ ਦੇ 15ਵੇਂ ਮਿੰਟ ਵਿਚ ਐਸ.ਜੀ.ਪੀ.ਸੀ. ਦੇ ਖਿਡਾਰੀ ਦਿਲਜੀਤ ਸਿੰਘ ਨੇ ਪਹਿਲਾ ਗੋਲ ਕਰਕੇ ਬੇਸ਼ੱਕ ਆਪਣੀ ਟੀਮ ਨੂੰ ਇਕ ਗੋਲ ਨਾਲ ਅੱਗੇ ਕਰ ਦਿੱਤਾ ਸੀ ਪਰ ਨਾਮਧਾਰੀ ਟੀਮ ਦੇ ਖਿਡਾਰੀ ਅਮਾਨਤਬੀਰ ਸਿੰਘ ਨੇ 21ਵੇਂ ਮਿੰਟ ਵਿਚ ਆਪਣੀ ਟੀਮ ਵੱਲੋਂ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਨਾਮਧਾਰੀ ਟੀਮ ਦੇ ਗੁਰਮਨ ਸਿੰਘ ਨੇ ਮੈਚ ਦੇ 28ਵੇਂ ਤੇ 40ਵੇਂ ਮਿੰਟਾਂ ਵਿਚ ਲਗਾਤਾਰ 2 ਹੋਰ ਗੋਲ ਕਰਕੇ ਆਪਣੀ ਟੀਮ ਨੂੰ 3-1 ਗੋਲਾਂ ਨਾਲ ਅੱਗੇ ਕਰ ਦਿੱਤਾ। ਇਸ ਦੇ ਜਵਾਬ ਵਿਚ ਐਸ.ਜੀ.ਪੀ.ਸੀ. ਦੇ ਖਿਡਾਰੀਆਂ ਦਿਲਜੀਤ ਸਿੰਘ ਨੇ 49ਵੇਂ ਮਿੰਟ ਅਤੇ ਬੇਰਸ਼ੁੱਭਜੀਤ ਸਿੰਘ ਨੇ 52ਵੇਂ ਮਿੰਟ ਵਿਚ ਦੋਵੇਂ ਗੋਲ ਉਤਾਰ ਕੇ 3-3 ਗੋਲਾਂ ਨਾਲ ਮੈਚ ਬਰਾਬਰ ਕਰ ਦਿੱਤਾ। ਮੈਚ ਦੇ 59ਵੇਂ ਮਿੰਟ ਵਿਚ ਨਾਮਧਾਰੀ ਟੀਮ ਦੇ ਗੁਰਮਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਹੀ ਨਹੀਂ ਲਗਾਈ ਸਗੋਂ 4-3 ਗੋਲਾਂ ਨਾਲ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਵੀ ਦਿਵਾ ਦਿੱਤੀ।
ਦੂਸਰਾ ਮੈਚ ਸ਼ਾਹਬਾਦ ਹਾਕੀ ਅਕੈਡਮੀ ਮਿਸਲ ਫੂਲਕੀਆਂ ਅਤੇ ਐਮ.ਬੀ.ਐਸ. ਹਾਕੀ ਅਕੇਡਮੀ ਸਿੰਬਲ ਕੈਂਪ ਜੰਮੂ ਮਿਸਲ ਸਿੰਘ ਸ਼ਹੀਦਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਸ਼ਾਹਬਾਦ ਦੇ ਖਿਡਾਰੀਆਂ ਨੇ ਇਕਪਾਸੜ ਮੁਕਾਬਲੇ ਵਿਚ ਜੰਮੂ ਨੂੰ 11-1 ਗੋਲਾਂ ਦੇ ਵੱਡੇ ਫਰਕ ਨਾਲ ਮਧੋਲ ਕੇ ਰੱਖ ਦਿੱਤਾ । ਸ਼ਾਹਬਾਦ ਦੇ ਖਿਡਾਰੀ ਅਰਸ਼ਦੀਪ ਸਿੰਘ ਨੂੰ ਗੋਲਾਂ ਦੀ ਹੈਟ੍ਰਿਕ ਮਾਰਨ ਦਾ ਮਾਣ ਪ੍ਰਾਪਤ ਵੀ ਹੋਇਆ। ਇਸ ਲੀਗ ਦੇ ਤੀਸਰੇ ਮੈਚ ਵਿਚ ਰਾਉਂਡ ਗਲਾਸ ਮਿਸਲ ਡੱਲੇਵਾਲੀਆ ਨੇ ਸੰਗਰੂਰ ਹਾਕੀ ਕਲੱਬ ਰਾਮਗੜ੍ਹੀਆਂ ਮਿਸਲ ਨੂੰ 7-1 ਗੋਲਾਂ ਦੇ ਫਰਕ ਨਾਲ ਹਰਾਇਆ। ਰਾਊਂਡ ਗਸਾਲ ਵੱਲੋਂ ਸੁਖਮਨਪ੍ਰੀਤ ਸਿੰਘ ਨੇ 4 ਗੋਲ, ਜਰਮਨ ਸਿੰਘ, ਅਰਬਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ 1-1 ਗੋਲ ਦਾਗੇ। ਸੰਗਰੂਰ ਵੱਲੋਂ ਇਕਲੋਤਾ ਗੱਲ ਬਰਮਪ੍ਰੀਤ ਸਿੰਘ ਨੇ ਕੀਤਾ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ, ਕੇਅਰਿੰਗ ਹਿਉਮੇਨ ਦੇ ਚੇਅਰਪਰਸਨ ਮੈਡਮ ਸਰਬਜੀਤ ਕੌਰ, ਮਹਾਰਾਜਾ ਰਣਜੀਤ ਸਿੰਘ ਅਵਾਰਡੀ ਇੰਟਰਨੈਸ਼ਨਲ ਸਾਇਕਲਿਸਟ ਜਗਦੀਪ ਸਿੰਘ ਕਾਹਲੋਂ, ਇੰਟਰਨੈਸ਼ਨਲ ਸਾਇਕਲਿਸਟ ਬਖਸ਼ੀਸ਼ ਸਿੰਘ, ਪਿੰ: ਕ੍ਰਿਸ਼ਨ ਸਿੰਘ, ਅਮਰਜੀਤ ਸਿੰਘ ਫੁੱਟਬਾਲ ਕੋਚ, ਸ਼ੇਰ ਜਗਜੀਤ ਸਿੰਘ, ਡਾ. ਗੁਰਚਰਨ ਸਿੰਘ, ਰਣਜੀਤ ਸਿੰਘ ਧਾਲੀਵਾਲ, ਹਾਕੀ ਮੁਹਾਲੀ ਤੋਂ ਕੁਲਵੰਤ ਰਾਏ ਸਹੋਤਾ, ਮੋਹਨ ਸਿੰਘ, ਸਤੀਸ਼ ਕੁਮਾਰ ਭਾਗੀ, ਦਰਸ਼ਨ ਸਿੰਘ ਜੋਲੀ, ਆਰ.ਪੀ. ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ ਲੱਗੀਆ, ਨਵਦੀਪ ਸਿੰਘ ਲੱਗੀਆ, ਅਮਰੀਕ ਸਿੰਘ ਭਾਗੋਵਾਲੀਆ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।