ਫਤਿਹਾਬਾਦ ਕ੍ਰਿਕਟ ਲੀਗ ਅੰਡਰ14 ਦੀ ਟਰਾਫੀ ਤੇ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਦਾ ਕਬਜ਼ਾ
ਫਤਿਹਾਬਾਦ, 24 ਜੂਨ:- ਫਤਿਹਾਬਾਦ ਕ੍ਰਿਕਟ ਲੀਗ (ਅੰਡਰ-14) ਦਾ ਫਾਈਨਲ ਮੁਕਾਬਲਾ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਅਤੇ ਫਤਿਹਾਬਾਦ ਸਟ੍ਰਾਈਕਰਜ਼ ਵਿਚਾਲੇ ਖੇਡਿਆ ਗਿਆ। ਐਵਰੈਸਟ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਖੇਡੇ ਗਏ 40 ਓਵਰਾਂ ਦੇ ਇਸ ਰੋਮਾਂਚਕ ਮੈਚ ਵਿੱਚ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਨੇ ਨਿਰਧਾਰਿਤ 40 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਬਣਾਈਆਂ। ਟੀਮ ਵੱਲੋਂ ਕਾਵਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 79 ਗੇਂਦਾਂ ਵਿੱਚ 67 ਦੌੜਾਂ ਬਣਾਈਆਂ, ਜਦਕਿ ਹਰਵਿਨ ਅਤੇ ਪ੍ਰਿੰਸ ਨੇ 23-23 ਦੌੜਾਂ ਦਾ ਯੋਗਦਾਨ ਦਿੱਤਾ। ਫਤਿਹਾਬਾਦ ਸਟ੍ਰਾਈਕਰਜ਼ ਵੱਲੋਂ ਪਵਨ ਬਿਕਾ ਨੇ 3 ਅਤੇ ਆਯੁਸ਼ ਨੇ 2 ਵਿਕਟਾਂ ਹਾਸਲ ਕੀਤੀਆਂ।
192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਫਤਿਹਾਬਾਦ ਸਟ੍ਰਾਈਕਰਜ਼ ਦੀ ਟੀਮ 33.4 ਓਵਰਾਂ ਵਿੱਚ 154 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਨੇ 37 ਦੌੜਾਂ ਨਾਲ ਜਿੱਤ ਦਰਜ ਕਰਦਿਆਂ ਟਰਾਫੀ ਆਪਣੇ ਨਾਮ ਕਰ ਲਈ।
ਫਤਿਹਾਬਾਦ ਸਟ੍ਰਾਈਕਰਜ਼ ਵੱਲੋਂ ਸਮਰੱਥ ਨੇ 35 ਅਤੇ ਮਨਦੀਪ ਬਿਸ਼ਨੋਈ ਨੇ 25 ਦੌੜਾਂ ਬਣਾਈਆਂ। ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਲਈ ਕਾਵਿਆ ਅਤੇ ਪ੍ਰਿੰਸ ਨੇ 2-2 ਵਿਕਟਾਂ ਹਾਸਲ ਕੀਤੀਆਂ।
ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਲਈ ਕਾਵਿਆ ਨੂੰ "ਮੈਨ ਆਫ ਦ ਮੈਚ" ਅਤੇ ਲੀਗ ਦਾ "ਬੈਸਟ ਬੋਲਰ" ਐਵਾਰਡ ਦਿੱਤਾ ਗਿਆ। ਜਦਕਿ ਫਤਿਹਾਬਾਦ ਸਟ੍ਰਾਈਕਰਜ਼ ਦੇ ਆਯੁਸ਼ ਨੂੰ "ਮੈਨ ਆਫ ਦ ਸੀਰੀਜ਼" ਅਤੇ "ਬੈਸਟ ਬੈਟਸਮੈਨ" ਦਾ ਖਿਤਾਬ ਮਿਲਿਆ।
ਜਿੱਤ ਤੋਂ ਬਾਅਦ ਫਤਿਹਾਬਾਦ ਰਾਈਜ਼ਿੰਗ ਸਟਾਰਜ਼ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਟੀਮ ਦੇ ਮਾਲਕ ਰਾਜਿੰਦਰ ਜੀ ਨੇ ਇਸ ਜਿੱਤ ਦਾ ਸਿਹਰਾ ਪੂਰੀ ਟੀਮ ਅਤੇ ਕੋਚ ਚਰਨਜੀਤ ਸਿੰਘ ਨੂੰ ਦਿੱਤਾ।
ਫਤਿਹਾਬਾਦ ਕ੍ਰਿਕਟ ਲੀਗ (ਅੰਡਰ-14) ਦੇ ਸੰਚਾਲਕ ਅਰੁਣ ਖੋਡ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਵਿੱਚ ਨਵੇਂ ਮੌਕੇ ਪ੍ਰਦਾਨ ਕਰਨ ਅਤੇ ਖੇਡ ਨੂੰ ਨਵੀਂ ਦਿਸ਼ਾ ਦੇਣ ਲਈ ਇਹ ਲੀਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਇਸ ਲੀਗ ਦਾ ਆਯੋਜਨ ਹੋਰ ਉਮਰ ਵਰਗਾਂ ਲਈ ਵੀ ਕੀਤਾ ਜਾਵੇਗਾ।
ਐਵਰੈਸਟ ਕ੍ਰਿਕਟ ਅਕੈਡਮੀ ਦੇ ਕੋਚ ਮੰਨੂ ਸ਼ਰਮਾ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਇਨਾਮ ਵੰਡ ਸਮਾਰੋਹ ਦੌਰਾਨ ਕੋਚ ਮੁਕੇਸ਼ ਭੱਟ, ਕੋਚ ਸਾਹਿਲ, ਕੋਚ ਆਸ਼ੀਸ਼ ਕੁਮਾਰ, ਕੋਚ ਰੋਹਿਤ ਕੁਮਾਰ, ਕੋਚ ਸੰਨੀ ਕੁਮਾਰ, ਅਨੂਪ ਕਸਵਾ, ਕੁਨਾਲ ਖੋਡ, ਰਾਜੀਵ ਕਟਾਰੀਆ, ਮੇਵਾ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਹੁੱਡਾ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।
